- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਊਟਿੰਗ ਦੇ ਗੁਰ ਸਿੱਖ ਕੇ ਸਮਾਜ ਸੇਵਾ ਦੇ ਰਾਹ ਤੁਰੇ ਮਨਸੂਰਦੇਵਾ ਦੇ ਵਿਦਿਆਰਥੀ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸਰਕਾਰੀ ਹਾਈ ਸਕੂਲ ਮਨਸੂਰਦੇਵਾ ਵਿਖੇ 23 ਤੋਂ 26 ਨਵੰਬਰ ਤੱਕ ਲਾਇਆ ਗਿਆ ਚਾਰ ਦਿਨਾ ਸਕਾਊਟਿੰਗ ਕੈਂਪ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸਵੈ-ਨਿਰਭਰਤਾ ਅਤੇ ਸਮਾਜ ਸੇਵਾ ਦੀ ਭਾਵਨਾ ਜਗਾਉਂਦਾ ਹੋਇਆ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਜੀਵਨ ਵਿੱਚ ਹਰ ਚੁਣੌਤੀ ਦਾ ਸਾਹਮਣਾ ਕਰਨ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਵਿਹਾਰਕ ਸਿਖਲਾਈ ਦਿੱਤੀ। ਕੈਂਪ ਵਿੱਚ ਸਕਾਊਟਿੰਗ ਦੇ ਇਤਿਹਾਸ, ਪ੍ਰਾਰਥਨਾ, ਨਿਯਮਾਂ, ਪ੍ਰਣ, ਸਕਾਊਟ ਕਲੈਪਸ, ਮੁੱਢਲੀ ਸਹਾਇਤਾ ਅਤੇ ਵੱਖ-ਵੱਖ ਗੰਢਾਂ ਲਾਉਣ ਦੀ ਸਿਖਲਾਈ ਦਿੱਤੀ ਗਈ। ਵਿਦਿਆਰਥੀਆਂ ਨੂੰ ਵੱਖ-ਵੱਖ ਪੈਟਰੋਲਾਂ ਵਿੱਚ ਵੰਡ ਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਿਸ ਨਾਲ ਉਨ੍ਹਾਂ ਵਿੱਚ ਆਪਸੀ ਸਹਿਯੋਗ ਤੇ ਟੀਮ ਭਾਵਨਾ ਮਜ਼ਬੂਤ ਹੋਈ।
ਜ਼ਿਲ੍ਹਾ ਸਿਖਲਾਈ ਕਮਿਸ਼ਨਰ ਚਰਨਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਕਾਊਟਿੰਗ ਦੇ ਗੁਰ ਸਿਖਾਏ। ਕੈਂਪ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਮਿੱਠਾ ਪੱਤੀ ਵਿਖੇ ਨਤਮਸਤਕ ਹੋ ਕੇ ਲੰਗਰ ਛਕਿਆ ਅਤੇ ਖੇਡ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਤੀਜੇ ਦਿਨ ਟੈਂਟ ਲਗਾਉਣ ਅਤੇ ਕੈਂਪ ਵਿੱਚ ਖਾਣਾ ਤਿਆਰ ਕਰਨ ਦੀ ਸਿਖਲਾਈ ਤਹਿਤ ਵਿਦਿਆਰਥੀਆਂ ਨੇ ਵੱਖ-ਵੱਖ ਪਕਵਾਨ ਬਣਾਏ।
ਇਸ ਦੇ ਨਾਲ ਹੀ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਨਾਅਰੇ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ। ਕੈਂਪ ਦੇ ਆਖਰੀ ਦਿਨ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ ਤੇ ਸਕੂਲ ਵਿੱਚ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਕੈਂਪ ਕਮਾਂਡਰ ਵਿਸ਼ੇਸ਼ ਸਚਦੇਵਾ, ਹੈੱਡਮਾਸਟਰ ਅਤੇ ਸਹਾਇਕ ਕੈਂਪ ਕਮਾਂਡਰ ਰਾਜਵੀਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਮਾਜ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਲਿਆ। ਸਕੂਲ ਦੇ ਸਮੂਹ ਸਟਾਫ਼ ਨੇ ਕੈਂਪ ਦੀ ਸਫ਼ਲਤਾ ਵਿੱਚ ਭਰਪੂਰ ਯੋਗਦਾਨ ਪਾਇਆ।