ਮਾਨ ਸਰਕਾਰ ਵਾਅਦਾ ਖਿਲਾਫੀ ’ਚ ਇਤਿਹਾਸ ਦੇ ਸਾਰੇ ਹਾਕਮਾਂ ਤੋਂ ਅੱਗੇ ਨਿਕਲੀ : ਬਕੇਯੂ ਸਿੱਧੂਪੁਰ ਮਾਨ ਸਰਕਾਰ ਵਾਅਦਾ ਖਿਲਾਫੀ ’ਚ ਇਤਿਹਾਸ ਦੇ ਸਾਰੇ ਹਾਕਮਾਂ ਤੋਂ ਅੱਗੇ ਨਿਕਲੀ: ਬਕੇਯੂ ਏਕਤਾ ਸਿੱਧੂਪੁਰ
Publish Date: Mon, 24 Aug 2026 04:42 PM (IST)
Updated Date: Mon, 24 Aug 2026 04:45 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪੰਜਾਬ ਸਰਕਾਰ ’ਤੇ ਮੰਨੀਆਂ ਮੰਗਾਂ ਤੋਂ ਮੁਕਰਨ ਦਾ ਦੋਸ਼ ਲਾਇਆ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੀਏਡੀਬੀ ਬੈਂਕ ਵੱਲੋਂ ਲਏ ਗਏ ਖਾਲੀ ਚੈੱਕ ਵਾਪਸ ਨਾ ਕੀਤੇ ਗਏ ਅਤੇ ਓਟੀਐੱਸ ਸਕੀਮ ਲਾਗੂ ਨਾ ਹੋਈ ਤਾਂ ਅੱਜ 25 ਅਗਸਤ ਨੂੰ ਫਰੀਦਕੋਟ ਵਿਖੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਅਹਿਮ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੇ ਸੀ 2 50 ਪ੍ਰਤੀਸ਼ਤ ਫਾਰਮੂਲੇ ਅਨੁਸਾਰ ਫਸਲਾਂ ’ਤੇ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾ ਦੇਵੇ, ਤਾਂ ਕਿਸੇ ਵੀ ਕਿਸਾਨ ਨੂੰ ਕਰਜ਼ਾਈ ਹੋ ਕੇ ਖੁਦਕੁਸ਼ੀ ਨਹੀਂ ਕਰਨੀ ਪਵੇਗੀ ਅਤੇ ਨਾ ਹੀ ਬੈਂਕਾਂ ਅੱਗੇ ਜ਼ਮੀਨਾਂ ਗਹਿਣੇ ਧਰਨੀਆਂ ਪੈਣਗੀਆਂ। ਸਰਕਾਰ ਦੀ ਲਗਾਤਾਰ ਵਾਅਦਾ ਖਿਲਾਫੀ ਵਿਰੁੱਧ ਜੇਕਰ ਇੱਕ-ਦੋ ਦਿਨਾਂ ’ਚ ਠੋਸ ਕਦਮ ਨਾ ਚੁੱਕੇ ਗਏ, ਤਾਂ 25 ਅਗਸਤ ਨੂੰ ਫਰੀਦਕੋਟ ਵਿਖੇ ਵੱਡੇ ਅੰਦੋਲਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।