ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਵੱਡੀ ਕਾਰਵਾਈ, ਅਚਨਚੇਤ ਤਲਾਸ਼ੀ ਦੌਰਾਨ 14 ਮੋਬਾਈਲ ਫੋਨ; ਨਸ਼ੀਲਾ ਪਾਊਡਰ ਤੇ ਤੰਬਾਕੂ ਬਰਾਮਦ
ਸੂਬੇ ਦੀਆਂ ਜੇਲ੍ਹਾਂ ਵਿਚ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਗੈਰ-ਕਾਨੂੰਨੀ ਵਸਤੂਆਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਹੈ, ਜਿੱਥੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਅਤੇ ਤਲਾਸ਼ੀ ਦੌਰਾਨ ਮੋਬਾਈਲ ਫੋਨ, ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 17 ਹਵਾਲਾਤੀਆਂ ਅਤੇ ਕੈਦੀਆਂ ਖਿਲਾਫ 42(1), 48(2) ਅਤੇ 48(3) ਪੰਜਾਬ ਪਰੀਜਨ ਅਤੇ ਕੋਰੈਕਸ਼ਨ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Fri, 30 Oct 2026 10:46 AM (IST)
Updated Date: Fri, 30 Oct 2026 10:47 AM (IST)
ਪਰਮਿੰਦਰ ਸਿੰਘ ਥਿੰਦ ਪੰਜਾਬੀ ਜਾਗਰਣ, ਫਿਰੋਜ਼ਪੁਰ :- ਸੂਬੇ ਦੀਆਂ ਜੇਲ੍ਹਾਂ ਵਿਚ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਗੈਰ-ਕਾਨੂੰਨੀ ਵਸਤੂਆਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਹੈ, ਜਿੱਥੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਅਤੇ ਤਲਾਸ਼ੀ ਦੌਰਾਨ ਮੋਬਾਈਲ ਫੋਨ, ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 17 ਹਵਾਲਾਤੀਆਂ ਅਤੇ ਕੈਦੀਆਂ ਖਿਲਾਫ 42(1), 48(2) ਅਤੇ 48(3) ਪੰਜਾਬ ਪਰੀਜਨ ਅਤੇ ਕੋਰੈਕਸ਼ਨ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਸ਼ਿਕਾਇਤ ਅਤੇ ਵੱਖ-ਵੱਖ ਮਿਤੀਆਂ ਦੇ ਪੱਤਰਾਂ ਅਨੁਸਾਰ ਅਕਤੂਬਰ ਮਹੀਨੇ ਦੌਰਾਨ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਵਿਚ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਹਵਾਲਾਤੀ ਰਾਜਵੀਰ ਸਿੰਘ ਉਰਫ ਰਾਜੂ ਪੁੱਤਰ ਭਜਨ ਸਿੰਘ, ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਪੱਪੂ ਸਿੰਘ, ਗੁਰਸੇਵਕ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ, ਬਸੰਤ ਸਿੰਘ ਉਰਫ ਬੰਟੂ ਪੁੱਤਰ ਸੁਰਜੀਤ ਸਿੰਘ, ਸੰਨੀ ਪੁੱਤਰ ਸੰਬੂ, ਹਵਾਲਾਤੀ ਉਦੇ ਭਾਰਤ ਪੁੱਤਰ ਬਗੀਚਾ ਸਿੰਘ, ਰੇਸ਼ਮ ਉਰਫ ਵਿਸ਼ਾਲ ਪੁੱਤਰ ਯੂਨਸ, ਅਰਸ਼ਦੀਪ ਸਿੰਘ ਪੁੱਤਰ ਹਰਪਾਲ ਸਿੰਘ, ਅਜੈ ਸਿੰਘ ਪੁੱਤਰ ਹਰਦੇਵ ਸਿੰਘ, ਸਤਨਾਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਪ੍ਰਭਜੀਤ ਸਿੰਘ ਉਰਫ ਪਕਦੀਪ ਪੁੱਤਰ ਬੋਹੜ ਸਿੰਘ, ਹਰਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ, ਜਗਸੀਰ ਸਿੰਘ ਉਰਫ ਲਵੀ ਪੁੱਤਰ ਸੋਨਾ, ਅਕਾਸ਼ ਪੁੱਤਰ ਤਰਸੇਮ, ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਅਤੇ ਕੈਦੀ ਸਾਹਿਲ ਪੁੱਤਰ ਵਿੱਜ, ਕੈਦੀ ਬਲਵੰਤ ਸਿੰਘ ਪੁੱਤਰ ਕੇਹਰ ਸਿੰਘ ਕੋਲੋਂ ਤਲਾਸ਼ੀ ਦੌਰਾਨ ਕੁੱਲ 14 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ ਸਿੰਮ ਕਾਰਡਾਂ ਸਮੇਤ ਬਰਾਮਦ ਕੀਤੇ ਗਏ ਹਨ। ਇਨ੍ਹਾਂ ਹੀ ਨਹੀਂ, ਤਲਾਸ਼ੀ ਦੌਰਾਨ ਜੇਲ੍ਹ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਾਏ ਗਏ ਨਸ਼ੀਲੇ ਪਦਾਰਥ ਵੀ ਹੱਥ ਲੱਗੇ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿੱਚੋਂ 76 ਜਰਦੇ ਦੀਆਂ ਪੁੜੀਆਂ, 8 ਪੁੜੀਆਂ ਕੂਲ ਲਿਪ ਅਤੇ ਲਗਭਗ 26 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਹੈਰੋਇਨ ਵਰਗਾ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ, ਜੋ ਕਿ ਮੋਮੀ ਲਿਫਾਫਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ ਅਤੇ ਕੁਝ ਸਾਮਾਨ ਜੇਲ੍ਹ ਦੀ ਬਾਹਰਲੀ ਕੰਧ ਤੋਂ ਥਰੋਅ (ਸੁੱਟਣ) ਰਾਹੀਂ ਅੰਦਰ ਪਹੁੰਚਾਇਆ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਹੁਣ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਮੋਬਾਈਲ ਫੋਨ ਅਤੇ ਨਸ਼ਾ ਜੇਲ੍ਹ ਦੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਪਾਰ ਕਰਕੇ ਕਿਵੇਂ ਅਤੇ ਕਿਸ ਰਾਹੀਂ ਪਹੁੰਚੇ ਹਨ। ਇਸ ਘਟਨਾ ਨੇ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।