ਫ਼ਿਰੋਜ਼ਪੁਰ 'ਚ ਚੋਰਾਂ ਦਾ ਵੱਡਾ ਕਾਂਡ, ਇੱਕੋ ਰਾਤ 'ਚ ਉਡਾਈਆਂ 50 ਮੋਟਰਾਂ; ਕਿਸਾਨਾਂ ਦਾ ਭਾਰੀ ਨੁਕਸਾਨ ਕਨੂੰਨ ਦੀਆਂ ਚੋਰ ਮੋਰੀਆਂ ਦਾ ਪੂਰਾ ਲਾਹਾ ਲੈਂਦਿਆਂ ਬੇਖੌਫ਼ ਚੋਰਾਂ ਦੇ ਇਕ ਗਿਰੋਹ ਵੱਲੋਂ ਪੁਲਿਸ ਨੂੰ ਚੁਣੌਤੀ ਦੇਂਦਿਆਂ ਇੱਕੋ ਰਾਤ ਵਿੱਚ ਚਾਰ ਪਿੰਡਾਂ ਚੋਂ 50 ਮੋਟਰਾਂ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ । ਫ਼ਿਰੋਜ਼ਪੁਰ ਦੇ ਪਿੰਡ ਭਾਂਗਰ, ਸੱਪਾਂ ਵਾਲੀ ਅਤੇ ਕਾਬਲ ਵਾਲਾ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਚੋਰਾਂ ਦੇ ਇਕ ਸ਼ਾਤਰ ਗਿਰੋਹ ਨੇ ਇੱਕੋ ਰਾਤ ਵਿਚ 50 ਦੇ ਕਰੀਬ ਖੇਤੀਬਾੜੀ ਮੋਟਰਾਂ ਚੋਰੀ ਕਰਕੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ ਹਨ। ਚੋਰਾਂ ਨੇ ਮੋਟਰਾਂ ਖੋਲ੍ਹਣ ਦੀ ਬਜਾਏ ਬੈਟਰੀ ਵਾਲੇ ਗ੍ਰੈਂਡਰਾਂ ਨਾਲ ਨੱਟ-ਬੋਲਟ ਅਤੇ ਸੰਗਲ ਕੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
Publish Date: Wed, 29 Jul 2026 04:40 PM (IST)
Updated Date: Wed, 29 Jul 2026 04:41 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕਨੂੰਨ ਦੀਆਂ ਚੋਰ ਮੋਰੀਆਂ ਦਾ ਪੂਰਾ ਲਾਹਾ ਲੈਂਦਿਆਂ ਬੇਖੌਫ਼ ਚੋਰਾਂ ਦੇ ਇਕ ਗਿਰੋਹ ਵੱਲੋਂ ਪੁਲਿਸ ਨੂੰ ਚੁਣੌਤੀ ਦੇਂਦਿਆਂ ਇੱਕੋ ਰਾਤ ਵਿੱਚ ਚਾਰ ਪਿੰਡਾਂ ਚੋਂ 50 ਮੋਟਰਾਂ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ । ਫ਼ਿਰੋਜ਼ਪੁਰ ਦੇ ਪਿੰਡ ਭਾਂਗਰ, ਸੱਪਾਂ ਵਾਲੀ ਅਤੇ ਕਾਬਲ ਵਾਲਾ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਚੋਰਾਂ ਦੇ ਇਕ ਸ਼ਾਤਰ ਗਿਰੋਹ ਨੇ ਇੱਕੋ ਰਾਤ ਵਿਚ 50 ਦੇ ਕਰੀਬ ਖੇਤੀਬਾੜੀ ਮੋਟਰਾਂ ਚੋਰੀ ਕਰਕੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ ਹਨ। ਚੋਰਾਂ ਨੇ ਮੋਟਰਾਂ ਖੋਲ੍ਹਣ ਦੀ ਬਜਾਏ ਬੈਟਰੀ ਵਾਲੇ ਗ੍ਰੈਂਡਰਾਂ ਨਾਲ ਨੱਟ-ਬੋਲਟ ਅਤੇ ਸੰਗਲ ਕੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਕਰੀਬ 12 ਵਜੇ ਤੋਂ 4 ਵਜੇ ਦੇ ਵਿਚਕਾਰ ਵਾਪਰੀ। ਚੋਰਾਂ ਨੇ ਪਿੰਡਾਂ ਦੀਆਂ ਕੱਸੀਆਂ ਅਤੇ ਨਹਿਰਾਂ ਦੇ ਨਾਲ-ਨਾਲ ਲਗਭਗ 5 ਕਿਲੋਮੀਟਰ ਦੇ ਘੇਰੇ ਵਿੱਚ ਲੱਗੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਤੋਂ ਬਚਣ ਲਈ ਮੋਟਰਾਂ ਨੂੰ ਮਜ਼ਬੂਤ ਸੰਗਲ ਅਤੇ ਤਾਲੇ ਲਗਾ ਕੇ ਕੋਠੜੀਆਂ ਵਿਚ ਬੰਦ ਕੀਤਾ ਹੋਇਆ ਸੀ। ਪਰ ਚੋਰ ਕੋਈ ਚਾਬੀ ਜਾਂ ਪਾਨਾ ਲਿਆਉਣ ਦੀ ਬਜਾਏ ਆਧੁਨਿਕ ਬੈਟਰੀ ਵਾਲੇ ਗ੍ਰੈਂਡਰ ਨਾਲ ਲੈ ਕੇ ਆਏ ਸਨ। ਉਨ੍ਹਾਂ ਨੇ ਕੋਠੜੀਆਂ ਦੇ ਕੁੰਡੇ, ਤਾਲੇ ਅਤੇ ਮੋਟਰਾਂ ਦੇ ਨੱਟ ਗ੍ਰੈਂਡਰ ਨਾਲ ਵੱਢ ਦਿੱਤੇ ਅਤੇ ਮੋਟਰਾਂ ਦੇ ਅੰਦਰੋਂ ਕੀਮਤੀ ਤਾਂਬਾ ਅਤੇ ਬਾਡੀ ਲਾਹ ਕੇ ਫਰਾਰ ਹੋ ਗਏ।
ਪਿੰਡ ਵਾਸੀਆਂ ਅਨੁਸਾਰ ਤੜਕੇ 4 ਵਜੇ ਜਦੋਂ ਇਕ ਸੀਰੀ ਲੰਘ ਰਿਹਾ ਸੀ ਤਾਂ ਉਸ ਨੇ ਗ੍ਰੈਂਡਰ ਚੱਲਣ ਦੀ ਆਵਾਜ਼ ਸੁਣੀ, ਪਰ ਜਦੋਂ ਤੱਕ ਰੌਲਾ ਪਾਇਆ ਗਿਆ, ਚੋਰ ਫਰਾਰ ਹੋ ਚੁੱਕੇ ਸਨ। ਸ਼ੱਕ ਜਤਾਇਆ ਜਾ ਰਹਾ ਹੈ ਕਿ ਚੋਰ ਬੋਲੇਰੋ ਅਤੇ ਕਰੇਟਾ ਗੱਡੀ ਵਿਚ ਆਏ ਸਨ। ਇਕ-ਇਕ ਮੋਟਰ ਦਾ ਵਜ਼ਨ 40 ਕਿਲੋ ਦੇ ਕਰੀਬ ਹੁੰਦਾ ਹੈ, ਜਿਸ ਕਾਰਨ ਚੋਰ ਮੋਟਰਾਂ ਨੂੰ ਗੱਡੀਆਂ ਵਿਚ ਲੱਦ ਕੇ ਆਸਾਨੀ ਨਾਲ ਲੈ ਗਏ। ਕਈ ਕਿਸਾਨਾਂ ਦੀਆਂ ਮੋਟਰਾਂ ਪਹਿਲਾਂ ਵੀ 5-6 ਵਾਰ ਚੋਰੀ ਹੋ ਚੁੱਕੀਆਂ ਹਨ। ਝੋਨੇ ਦੀ ਫਸਲ ਨੂੰ ਪਾਣੀ ਦੀ ਸਖ਼ਤ ਲੋੜ ਹੈ। ਇਕ ਮੋਟਰ 25,000 ਰੁਪਏ ਦੇ ਕਰੀਬ ਆਉਂਦੀ ਹੈ। ਚੋਰ ਤਾਂਬਾ ਕੱਢ ਕੇ 2-3 ਹਜ਼ਾਰ ’ਚ ਵੇਚ ਦਿੰਦੇ ਹਨ, ਪਰ ਸਾਡਾ 50,000 ਰੁਪਏ ਤੱਕ ਦਾ ਨੁਕਸਾਨ ਹੋ ਜਾਂਦਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਿਰੋਜ਼ਪੁਰ ਪੁਲਿਸ ਅਤੇ ਸਥਾਨਕ ਥਾਣਾ ਘੱਲ ਖੁਰਦ ਦੇ ਐੱਸਐੱਚਓ ਕਸ਼ਮੀਰ ਸਿੰਘ ਪਿੰਡ ਵਾਸੀਆਂ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਟੀਮਾਂ ਗੋਲੇਵਾਲਾ ਅਤੇ ਫਰੀਦਕੋਟ ਵਾਲੇ ਪਾਸੇ ਜਾਣ ਵਾਲੇ ਰਸਤਿਆਂ ਦੇ ਸੀਸੀਟੀਵੀ ਕੈਮਰੇ ਖੰਘਾਲ ਰਹੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਰੋਹ ਦੇ ਕਾਫ਼ੀ ਨੇੜੇ ਪਹੁੰਚ ਚੁੱਕੇ ਹਨ ਅਤੇ ਜਲਦ ਹੀ ਚੋਰ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜ੍ਹਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਫੜਿਆ ਜਾਵੇ ਅਤੇ ਕਿਸਾਨਾਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ।