ਮਿਡਲ ਪ੍ਰੀਖਿਆ ਦੇ ਸਾਇੰਸ ਪੇਪਰ ’ਚ 15 ਨੰਬਰਾਂ ਦੇ ਪ੍ਰਸ਼ਨ ਗਾਇਬ
ਮਿਡਲ ਪ੍ਰੀਖਿਆ ਦੇ ਸਾਇੰਸ ਪੇਪਰ ਵਿਚ ਪੰਜਾਬੀ ਅਨੁਵਾਦ ਦੀ ਵੱਡੀ ਗਲਤੀ, 15 ਨੰਬਰਾਂ ਦੇ ਪ੍ਰਸ਼ਨ ਗਾਇਬ
Publish Date: Sat, 21 Feb 2026 04:51 PM (IST)
Updated Date: Sat, 21 Feb 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਵੱਲੋਂ ਲਈ ਜਾ ਰਹੀ ਮਿਡਲ ਪ੍ਰੀਖਿਆ ਦੌਰਾਨ ਅੱਜ ਸਾਇੰਸ ਵਿਸ਼ੇ ਦਾ ਪੇਪਰ ਹੋਇਆ। ਪਰ ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਲਈ ਛਾਪੇ ਗਏ ਪ੍ਰਸ਼ਨ ਪੱਤਰ ਵਿਚ ਗੰਭੀਰ ਗਲਤੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਅਨੁਵਾਦ ਵਿਚ ਪੰਜ ਨੰਬਰਾਂ ਦੇ ਤਿੰਨ ਪ੍ਰਸ਼ਨ ਛਾਪੇ ਹੀ ਨਹੀਂ ਗਏ, ਜਦਕਿ ਉਹੀ ਪ੍ਰਸ਼ਨ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਵਿਚ ਮੌਜ਼ੂਦ ਸਨ। ਸਰਕਾਰੀ ਸਕੂਲਾਂ ਦੇ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀ ਪੇਪਰ ਵੇਖ ਕੇ ਹੱਕੇ-ਬੱਕੇ ਰਹਿ ਗਏ। ਇਸ ਗਲਤੀ ਕਾਰਨ ਵਿਦਿਆਰਥੀਆਂ ਦਾ ਕੁੱਲ 15 ਨੰਬਰਾਂ ਦਾ ਨੁਕਸਾਨ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਨਤੀਜਿਆਂ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਮਾਮਲੇ ’ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, ਵਿੱਤ ਸਕੱਤਰ ਨਵੀਨ ਸਚਦੇਵਾ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ ਅਤੇ ਕਾਰਜਕਾਰੀ ਸਕੱਤਰ ਜਿੰਦਰ ਪਾਇਲਟ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੇ ਪੇਪਰ ਵਿਚ 15 ਨੰਬਰਾਂ ਦੇ ਗ੍ਰੇਸ ਅੰਕ ਦਿੱਤੇ ਜਾਣ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਬੋਰਡ ਦੀ ਬਹੁਤ ਵੱਡੀ ਲਾਪਰਵਾਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ਸਕੂਲਾਂ ਤੋਂ ਕੋਈ ਛੋਟੀ ਗਲਤੀ ਹੋ ਜਾਂਦੀ ਹੈ ਤਾਂ ਬੋਰਡ ਵੱਲੋਂ ਮੋਟੀ ਰਕਮ ਵਿੱਚ ਜ਼ੁਰਮਾਨਾ ਲਿਆ ਜਾਂਦਾ ਹੈ ਅਤੇ ਫਿਰ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਇਸ ਵਾਰ ਬੋਰਡ ਖੁਦ ਹੀ ਵੱਡੀ ਗਲਤੀ ਕਰ ਬੈਠਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਦਿਆਰਥੀਆਂ ਨੂੰ ਨਿਆਂ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।