
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਨੇ ਬੀਐੱਸਐੱਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਦੇ ਸਰਹੱਦੀ ਖੇਤਰ ਤੋਂ 44.5 ਕਿੱਲੋਗ੍ਰਾਮ ਹੈਰੋਇਨ ਤੇ 3 ਕਿੱਲੋਗ੍ਰਾਮ ਮੈਥਾਮਫੇਟਾਮਾਈਨ, ਜਿਸ ਨੂੰ ਆਈਸੀਈ ਡਰੱਗ ਵਜੋਂ ਜਾਣਿਆ ਜਾਂਦਾ ਹੈ, ਦੀ ਵੱਡੀ ਖੇਪ ਬਰਾਮਦ ਕਰ ਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਨੇ ਬੀਐੱਸਐੱਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਦੇ ਸਰਹੱਦੀ ਖੇਤਰ ਤੋਂ 44.5 ਕਿੱਲੋਗ੍ਰਾਮ ਹੈਰੋਇਨ ਤੇ 3 ਕਿੱਲੋਗ੍ਰਾਮ ਮੈਥਾਮਫੇਟਾਮਾਈਨ, ਜਿਸ ਨੂੰ ਆਈਸੀਈ ਡਰੱਗ ਵਜੋਂ ਜਾਣਿਆ ਜਾਂਦਾ ਹੈ, ਦੀ ਵੱਡੀ ਖੇਪ ਬਰਾਮਦ ਕਰ ਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੰਦਿਆਂ ਕਿਹਾ ਕਿ ਖਾਸ ਜਾਣਕਾਰੀ ਦੇ ਆਧਾਰ ’ਤੇ ਸੀਆਈ ਫਿਰੋਜ਼ਪੁਰ ਵੱਲੋਂ ਬੀਐੱਸਐੱਫ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਦੇ ਖੇਤਾਂ ’ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ (ਸੀਏਐੱਸਓ) ਚਲਾਈ ਗਈ।
ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਤੇ ਸਰਹੱਦ ਪਾਰ ਦੇ ਹੈਂਡਲਰਾਂ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ। ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਗਜਨੀਵਾਲਾ ਖੇਤਰ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡ੍ਰੋਨ ਗਤੀਵਿਧੀ ਸਬੰਧੀ ਭਰੋਸੇਯੋਗ ਸਰੋਤ ਰਾਹੀਂ ਮਿਲੀ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀਐੱਸਐੱਫ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਕਿਹਾ ਆਲੇ-ਦੁਆਲੇ ਦੇ ਖੇਤਾਂ ਦੀ ਮੁਕੰਮਲ ਤਲਾਸ਼ੀ ਕਰਨ ’ਤੇ ਪੁਲਿਸ ਅਤੇ ਬੀਐਸਐਫ ਟੀਮਾਂ ਨੇ ਗਜਨੀਵਾਲ ਖੇਤਰ ਤੋਂ ਹੈਰੋਇਨ ਤੇ ਆਈਸੀਈ ਡਰੱਗ ਦੀ ਖੇਪ ਬਰਾਮਦ ਕੀਤੀ। ਆਈਜੀਪੀ ਨੇ ਦੱਸਿਆ ਕਿ ਖੇਪ ਭੇਜਣ ਵਾਲੇ ਤਸਕਰਾਂ ਤੇ ਉਨ੍ਹਾਂ ਦੇ ਭਾਰਤੀ ਸਾਥੀਆਂ, ਜਿਨ੍ਹਾਂ ਇਹ ਖੇਪ ਪ੍ਰਾਪਤ ਕਰਨੀ ਸੀ, ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧੀ ਅਣਪਛਾਤਿਆਂ ਵਿਰੁੱਧ ਐੱਫਆਈਆਰ ਨੰਬਰ 19 ਮਿਤੀ 25/8/2026 ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 21ਸੀ ਤੇ 29 ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਫਾਜ਼ਿਲਕਾ ਵਿਖੇ ਦਰਜ ਕੀਤੀ ਗਈ ਹੈ।