ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਵੱਡੀ ਕਾਰਵਾਈ: 20 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਮੋਬਾਈਲ ਵਾਪਸ ਦੇਣ ਵਾਲਾ ਵਾਰਡਰ ਗ੍ਰਿਫ਼ਤਾਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਾਇਨਾਤ ਇਕ ਜੇਲ੍ਹ ਵਾਰਡਰ ਵੱਲੋਂ ਹਵਾਲਾਤੀ ਕੋਲੋਂ ਬਰਾਮਦ ਕੀਤਾ ਮੋਬਾਈਲ ਫੋਨ 20 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਵਾਪਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਵਾਰਡਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜੇਲ੍ਹ ਅੰਦਰੋਂ ਬਰਾਮਦ ਹੋਏ ਛੇ ਮੋਬਾਈਲ ਫੋਨਾਂ ਦੇ ਮਾਮਲੇ ਵਿੱਚ ਸੱਤ ਹਵਾਲਾਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
Publish Date: Fri, 31 Jul 2026 11:38 AM (IST)
Updated Date: Fri, 31 Jul 2026 11:39 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਾਇਨਾਤ ਇਕ ਜੇਲ੍ਹ ਵਾਰਡਰ ਵੱਲੋਂ ਹਵਾਲਾਤੀ ਕੋਲੋਂ ਬਰਾਮਦ ਕੀਤਾ ਮੋਬਾਈਲ ਫੋਨ 20 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਵਾਪਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਵਾਰਡਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜੇਲ੍ਹ ਅੰਦਰੋਂ ਬਰਾਮਦ ਹੋਏ ਛੇ ਮੋਬਾਈਲ ਫੋਨਾਂ ਦੇ ਮਾਮਲੇ ਵਿੱਚ ਸੱਤ ਹਵਾਲਾਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ 28 ਜੁਲਾਈ ਨੂੰ ਸ਼ਾਮ 5.40 ਵਜੇ ਜੇਲ੍ਹ ਦੇ ਬਲਾਕ-1 ਦੀ ਬੈਰਕ ਨੰਬਰ-2 ਵਿੱਚੋਂ ਹਵਾਲਾਤੀ ਸੰਦੀਪ ਸਿੰਘ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਫੋਨ ਹਵਾਲਾਤੀ ਪਰਮਪ੍ਰੀਤ ਸਿੰਘ ਉਰਫ਼ ਜੱਸਾ ਉਰਫ਼ ਸ਼ੈਰੀ ਵੀ ਵਰਤਦਾ ਸੀ। ਜਾਂਚ ਦੌਰਾਨ ਗੁਪਤ ਸੂਚਨਾ ਮਿਲੀ ਕਿ ਇਹ ਮੋਬਾਈਲ ਉਸੇ ਦਿਨ ਸਵੇਰੇ ਡਿਊਟੀ 'ਤੇ ਤਾਇਨਾਤ ਵਾਰਡਰ ਰਾਹੁਲ ਨੇ ਪਹਿਲਾਂ ਹੀ ਬਰਾਮਦ ਕਰ ਲਿਆ ਸੀ, ਪਰ ਜੇਲ੍ਹ ਪ੍ਰਸ਼ਾਸਨ ਨੂੰ ਸੌਂਪਣ ਦੀ ਬਜਾਏ ਬੰਦੀਆਂ ਨੂੰ ਵਾਪਸ ਕਰ ਦਿੱਤਾ।
ਪੜਤਾਲ ਵਿੱਚ ਰਿਸ਼ਵਤ ਲੈਣ ਦੀ ਪੁਸ਼ਟੀ ਡਿਪਟੀ ਸੁਪਰਡੈਂਟ (ਸਕਿਊਰਿਟੀ) ਰਵੀ ਕੁਮਾਰ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਵਾਰਡਰ ਰਾਹੁਲ ਨੇ ਮੋਬਾਈਲ ਵਾਪਸ ਕਰਨ ਦੇ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਇਸ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਪੰਜਾਬ ਪ੍ਰਿਜ਼ਨ ਐਂਡ ਕਰੈਕਸ਼ਨਲ ਸਰਵਿਸ ਐਕਟ, 2026 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਵਾਰਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਡੀਐੱਸਪੀ ਸੁਖਵਿੰਦਰ ਸਿੰਘ ਕਰ ਰਹੇ ਹਨ।
6 ਮੋਬਾਈਲਾਂ ਸਮੇਤ 7 ਹਵਾਲਾਤੀਆਂ ਖ਼ਿਲਾਫ਼ ਕੇਸ ਜੇਲ੍ਹ ਪ੍ਰਸ਼ਾਸਨ ਦੀਆਂ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ ਜੇਲ੍ਹ ਅੰਦਰੋਂ ਬਰਾਮਦ ਹੋਏ ਛੇ ਮੋਬਾਈਲ ਫੋਨਾਂ ਸਬੰਧੀ ਵੀ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਹਵਾਲਾਤੀ ਕੁਲਵੰਤ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਰੀ, ਮਨੀਸ਼ ਰਾਜਪੂਤ, ਪ੍ਰਿਆਂਸ਼ੂ, ਸੰਦੀਪ ਸਿੰਘ ਅਤੇ ਧਰਮਪ੍ਰੀਤ ਸਿੰਘ ਉਰਫ਼ ਜੱਸਾ ਉਰਫ਼ ਸ਼ੈਰੀ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਸੁਖਦੇਵ ਸਿੰਘ ਕਰ ਰਹੇ ਹਨ।