ਫ਼ਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਸੁਖਚੈਣ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਖਾਸ ਖ਼ਬਰੀ ਨੇ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਅਮਿਤ ਨਾਮਕ ਵਿਅਕਤੀ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿਚ ਸਪਾ ਸੈਂਟਰ ਚਲਾ ਰਿਹਾ ਹੈ।
Publish Date: Tue, 11 Aug 2026 10:50 AM (IST)
Updated Date: Tue, 11 Aug 2026 10:55 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਬੀਤੇ ਲੰਮੇਂ ਸਮੇਂ ਤੋਂ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਇੰਟਰਨੈਸ਼ਨਲ ਦੇਹ ਵਪਾਰ ਦਾ ਪਰਦਾਫਾਸ਼ ਕਰਦਿਆਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਹਾਊਸਿੰਗ ਬੋਰਡ ਕਲੋਨੀ ਵਿਖੇ ਚੱਲ ਰਹੇ ਇਸ ਸਪਾ ਸੈਂਟਰ ’ਚ ਛਾਪੇਮਾਰੀ ਕਰਦਿਆਂ ਅਨੈਤਿਕ ਦੇਹ ਵਪਾਰ ਦੇ ਧੰਦੇ ’ਚ ਸ਼ਾਮਲ ਵਿਦੇਸ਼ੀ ਅਤੇ ਬਾਹਰੀ ਸੂਬਿਆਂ ਦੀਆਂ ਕੁੜੀਆਂ ਸਮੇਤ ਪੁਲਿਸ ਨੇ ਸਪਾ ਸੈਂਟਰ ਦਾ ਮੈਨੇਜਰ ਅਤੇ ਦਲਾਲਾਂ ਸਮੇਤ 8 ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ, ਜਦਕਿ ਸਪਾ ਸੈਂਟਰ ਦਾ ਮਾਲਕ ਅਤੇ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਸ਼ਖਸ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਪੁਲਿਸ ਨੇ ਮੌਕੇ ਤੋਂ ਗ੍ਰਿਫਤਾਰ ਕੀਤੀ ਇਕ ਕੀਨੀਆਈ ਔਰਤ ਸਮੇਤ 9 ਜਣਿਆਂ ਖਿਲਾਫ 3, 4, 5 ਇਮਮੋਰਲ ਟਰੈਫਿਕ ਐਕਟ 1956 ਤਹਤਿ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਸੁਖਚੈਣ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਖਾਸ ਖ਼ਬਰੀ ਨੇ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਅਮਿਤ ਨਾਮਕ ਵਿਅਕਤੀ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿਚ ਸਪਾ ਸੈਂਟਰ ਚਲਾ ਰਿਹਾ ਹੈ।
ਉਹ ਸਪਾ ਅਤੇ ਮਸਾਜ ਦੀ ਆੜ ਹੇਠ ਬਾਹਰਲੇ ਰਾਜਾਂ ਅਤੇ ਵਿਦੇਸ਼ ਤੋਂ ਔਰਤਾਂ ਨੂੰ ਬੁਲਾ ਕੇ ਆਪਣੇ ਆਰਥਿਕ ਫਾਇਦੇ ਲਈ ਗੈਰ-ਕਾਨੂੰਨੀ ਦੇਹ ਵਪਾਰ ਦਾ ਧੰਦਾ ਚਲਾਉਂਦਾ ਸੀ। ਪੁਲਿਸ ਨੇ ਮੁਖਬਰ ਦੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ।
ਮੌਕੇ ਤੋਂ ਸਪਾ ਸੈਂਟਰ ਦਾ ਮੈਨੇਜਰ ਚੰਦਨ ਅਰੋੜਾ ਉਰਫ਼ ਮਾਹੀ ਵਾਸੀ ਪਟਿਆਲਾ, ਹਰਕਰਨ ਸਿੰਘ, ਸਾਜਨ ਦੋਵੇਂ ਵਾਸੀ ਫਿਰੋਜ਼ਪੁਰ, ਅਨੂ ਗਿਰੀ, ਨੇਹਾ ਸ਼੍ਰੀਵਾਸਤਵ ਦੋਵੇਂ ਵਾਸੀ ਦਿੱਲੀ, ਕਸ਼ਿਸ਼ ਵਾਸੀ ਪਾਨੀਪਤ, ਹਰਿਆਣਾ, ਗੀਤਾ ਵਾਸੀ ਪਟਿਆਲਾ ਅਤੇ ਕੀਨੀਆ ਦੀ ਨਾਗਰਿਕ ਜੂਲੀ ਹਾਲ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਥਾਣਾ ਸਿਟੀ ਫਿਰੋਜ਼ਪੁਰ ਵਿਖੇ ਫ਼ਰਾਰ ਮਾਲਕ ਅਮਿਤ ਅਤੇ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਫ਼ਰਾਰ ਮੁਲਜ਼ਮ ਅਮਿਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।