ਫ਼ਿਰੋਜ਼ਪੁਰ ਛਾਉਣੀ 'ਚ ਅਵਾਰਾ ਕੁੱਤਿਆਂ ਖ਼ਿਲਾਫ਼ ਵੱਡਾ ਐਕਸ਼ਨ: 2 ਸਾਲਾ ਮਾਸੂਮ 'ਤੇ ਹਮਲੇ ਤੋਂ ਬਾਅਦ 2 ਦਿਨਾਂ 'ਚ ਫੜੇ 27 ਕੁੱਤੇ
ਟੀਮ ਨੇ ਗਵਾਲ ਮੰਡੀ, ਆਜ਼ਾਦ ਚੌਂਕ ਅਤੇ ਗਲੀ ਨੰਬਰ ਦੋ ਸਮੇਤ ਆਸ-ਪਾਸ ਦੇ ਖੇਤਰਾਂ ਵਿੱਚ ਕੁੱਤਿਆਂ ਨੂੰ ਫੜ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਦੌਰਾਨ ਟੀਮ ਨੇ ਉਨ੍ਹਾਂ ਥਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ, ਜਿੱਥੇ ਅਵਾਰਾ ਕੁਤਿਆਂ ਦੀ ਗਿਣਤੀ ਜ਼ਿਆਦਾ ਹੋਣ ਅਤੇ ਲੋਕਾਂ ਨੂੰ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ।
Publish Date: Thu, 10 Sep 2026 12:26 PM (IST)
Updated Date: Thu, 10 Sep 2026 12:31 PM (IST)
ਡਿਜੀਟਲ ਡੈਸਕ, ਫ਼ਿਰੋਜ਼ਪੁਰ ਛਾਉਣੀ। ਛਾਉਣੀ ਖੇਤਰ ’ਚ ਆਵਾਰਾ ਕੁੱਤਿਆਂ ਦੇ ਵਧਦੇ ਖਤਰੇ ਅਤੇ ਦੋ ਸਾਲ ਦੇ ਮਾਸੂਮ 'ਤੇ ਹਮਲੇ ਤੋਂ ਬਾਅਦ, ਛਾਉਣੀ ਬੋਰਡ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਵੀਰਵਾਰ ਨੂੰ, ਲਗਾਤਾਰ ਦੂਜੇ ਦਿਨ, ਬੋਰਡ ਦੀ ਟੀਮ ਨੇ ਵੱਖ-ਵੱਖ ਖੇਤਰਾਂ ਵਿੱਚ ਕਾਰਵਾਈ ਕੀਤੀ ਅਤੇ 15 ਆਵਾਰਾ ਕੁੱਤਿਆਂ ਨੂੰ ਬਚਾਇਆ।
ਟੀਮ ਨੇ ਗਵਾਲ ਮੰਡੀ, ਆਜ਼ਾਦ ਚੌਂਕ ਅਤੇ ਗਲੀ ਨੰਬਰ ਦੋ ਸਮੇਤ ਆਸ-ਪਾਸ ਦੇ ਖੇਤਰਾਂ ਵਿੱਚ ਕੁੱਤਿਆਂ ਨੂੰ ਫੜ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਦੌਰਾਨ ਟੀਮ ਨੇ ਉਨ੍ਹਾਂ ਥਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ, ਜਿੱਥੇ ਅਵਾਰਾ ਕੁਤਿਆਂ ਦੀ ਗਿਣਤੀ ਜ਼ਿਆਦਾ ਹੋਣ ਅਤੇ ਲੋਕਾਂ ਨੂੰ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ।
ਮੁਹਿੰਮ ਦੌਰਾਨ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਉਹ ਸੜਕਾਂ, ਗਲੀਆਂ ਅਤੇ ਬਾਜ਼ਾਰਾਂ ’ਚ ਖਾਣ-ਪੀਣ ਦਾ ਸਾਮਾਨ ਖੁੱਲ੍ਹੇ ਵਿੱਚ ਨਾ ਸੁੱਟਣ।
ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਛਾਉਣੀ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਮਸਵਰੂਪ ਹਰੀਤਾਵਾਲ ਦੇ ਹੁਕਮਾਂ 'ਤੇ ਆਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਮੁਹਿੰਮ ਛਾਉਣੀ ਖੇਤਰ ਦੇ ਸਾਰੇ ਅੱਠ ਵਾਰਡਾਂ ’ਚ ਪੜਾਅਵਾਰ ਚਲਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਖਤਰੇ ਤੋਂ ਰਾਹਤ ਮਿਲ ਸਕੇ।
ਲੋਕਾਂ ਨੂੰ ਖਾਣਾ ਨਾ ਪਾਉਣ ਦੀ ਕੀਤੀ ਅਪੀਲ
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਅਤੇ ਦੁਕਾਨਾਂ ਤੋਂ ਨਿਕਲਣ ਵਾਲਾ ਖਾਣ-ਪੀਣ ਵਾਲਾ ਸਾਮਾਨ ਖੁੱਲ੍ਹੇ ਵਿੱਚ ਨਾ ਸੁੱਟਣ। ਸੜਕਾਂ ਅਤੇ ਜਨਤਕ ਥਾਵਾਂ 'ਤੇ ਖਾਣ ਦਾ ਸਾਮਾਨ ਸੁੱਟਣ ਨਾਲ ਅਵਾਰਾ ਕੁਤੇ ਉੱਥੇ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਵਧਣ ਦੇ ਨਾਲ ਲੋਕਾਂ ਲਈ ਖ਼ਤਰਾ ਵੀ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਛਾਉਣੀ ਬੋਰਡ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋੜ ਅਨੁਸਾਰ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬੁੱਧਵਾਰ ਨੂੰ ਵੀ ਫੜੇ ਸਨ 12 ਕੁੱਤੇ
ਇਸ ਮੁਹਿੰਮ ਤਹਿਤ ਛਾਉਣੀ ਬੋਰਡ ਦੀ ਟੀਮ ਨੇ ਬੁੱਧਵਾਰ ਨੂੰ ਵੀ 12 ਅਵਾਰਾ ਕੁੱਤਿਆਂ ਨੂੰ ਰੈਸਕਿਊ ਕੀਤਾ ਸੀ। ਇਸ ਤਰ੍ਹਾਂ ਦੋ ਦਿਨਾਂ ’ਚ ਕੁੱਲ 27 ਅਵਾਰਾ ਕੁੱਤਿਆਂ ਨੂੰ ਫੜ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ। ਬੋਰਡ ਦੇ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਵੀ ਵੱਖ-ਵੱਖ ਵਾਰਡਾਂ ਵਿੱਚ ਮੁਹਿੰਮ ਜਾਰੀ ਰਹੇਗੀ।
ਮਾਸੂਮ 'ਤੇ ਹਮਲੇ ਤੋਂ ਬਾਅਦ ਲੋਕਾਂ 'ਚ ਸੀ ਰੋਸ
ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਛਾਉਣੀ ਦੀ ਗਲੀ ਨੰਬਰ ਇੱਕ ’ਚ ਘਰ ਦੇ ਬਾਹਰ ਖੇਡ ਰਹੇ ਦੋ ਸਾਲਾ ਮਾਸੂਮ 'ਤੇ ਅਵਾਰਾ ਕੁੱਤੇ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਸੀ। ਕੁੱਤੇ ਦੇ ਹਮਲੇ ’ਚ ਮਾਸੂਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ।
ਇਸ ਘਟਨਾ ਤੋਂ ਬਾਅਦ, ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਛਾਉਣੀ ਬੋਰਡ ਤੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ, ਬੋਰਡ ਨੇ ਆਵਾਰਾ ਕੁੱਤਿਆਂ ਨੂੰ ਫੜਨ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।