ਸਕ੍ਰੀਨ ਦੀ ਗ੍ਰਿਫ਼ਤ ’ਚ ਜ਼ਿੰਦਗੀ, ਰੀਲਾਂ ਤੇ ਏਆਈ ਦੀ ਲਤ ਨੇ ਵਧਾਈਆਂ ਸਿਹਤ ਚਿੰਤਾਵਾਂ ਸਕ੍ਰੀਨ ਦੀ ਗ੍ਰਿਫ਼ਤ ’ਚ ਜ਼ਿੰਦਗੀ, ਰੀਲਾਂ ਤੇ ਏਆਈ ਦੀ ਲਤ ਨੇ ਵਧਾਈਆਂ ਸਿਹਤ ਚਿੰਤਾਵਾਂ
Publish Date: Fri, 18 Sep 2026 03:40 PM (IST)
Updated Date: Fri, 18 Sep 2026 03:41 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮੋਬਾਇਲ ਫੋਨ ਅਤੇ ਹੋਰ ਸਮਾਰਟ ਗੈਜਟ ਅੱਜ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ, ਪਰ ਇਨ੍ਹਾਂ ਦੀ ਲਗਾਤਾਰ ਵਰਤੋਂ ਹੁਣ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸਵੇਰੇ ਅੱਖ ਖੁੱਲ੍ਹਦੇ ਹੀ ਫੋਨ ਦੀ ਸਕ੍ਰੀਨ ’ਤੇ ਨਜ਼ਰ ਪੈਣਾ ਅਤੇ ਥੋੜ੍ਹੀ ਜਿਹੀ ਫੁਰਸਤ ਮਿਲਦਿਆਂ ਰੀਲਾਂ ਜਾਂ ਹੋਰ ਡਿਜੀਟਲ ਸਮੱਗਰੀ ਦੇਖਣੀ ਆਮ ਗੱਲ ਹੋ ਗਈ ਹੈ। ਇਕ ਵੀਡੀਓ ਤੋਂ ਦੂਜੀ ਤੱਕ ਪਹੁੰਚਦਿਆਂ ਕਈ ਵਾਰ ਘੰਟੇ ਲੰਘ ਜਾਂਦੇ ਹਨ ਅਤੇ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਡਾ. ਅਨਿਲ ਬਜਾਜ ਮੁਤਾਬਕ ਡਿਜੀਟਲ ਸਮੱਗਰੀ ਦੇ ਤੇਜ਼ੀ ਨਾਲ ਬਦਲਦੇ ਰੂਪ ਕਾਰਨ ਦਿਮਾਗ ਨੂੰ ਲਗਾਤਾਰ ਉਤੇਜਨਾ ਮਿਲਦੀ ਰਹਿੰਦੀ ਹੈ। ਇਸ ਦਾ ਅਸਰ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ, ਨੀਂਦ, ਮਾਨਸਿਕ ਸਿਹਤ, ਸਰੀਰਕ ਸਰਗਰਮੀ ਅਤੇ ਸਮਾਜਿਕ ਜੀਵਨ ’ਤੇ ਪੈ ਸਕਦਾ ਹੈ। ..................................... ਚਿੜਚਿੜਾਪਣ ਤੋਂ ਇਕੱਲੇਪਣ ਤੱਕ ਡਾ. ਸੁਸ਼ੀਲ ਪਾਠਕ ਅਨੁਸਾਰ ਗੈਜਟਾਂ ਦੀ ਹੱਦੋਂ ਵੱਧ ਵਰਤੋਂ ਚਿੰਤਾ, ਉਦਾਸੀ, ਚਿੜਚਿੜਾਪਣ, ਮਿਜ਼ਾਜ ਵਿੱਚ ਉਤਾਰ-ਚੜ੍ਹਾਅ, ਆਤਮ-ਵਿਸ਼ਵਾਸ ਵਿੱਚ ਕਮੀ ਅਤੇ ਸਮਾਜਿਕ ਇਕੱਲੇਪਣ ਵਰਗੀਆਂ ਸਮੱਸਿਆਵਾਂ ਨਾਲ ਜੁੜੀ ਹੋ ਸਕਦੀ ਹੈ। ਲੰਬੇ ਸਮੇਂ ਤੱਕ ਸਕ੍ਰੀਨ ਸਾਹਮਣੇ ਬੈਠੇ ਰਹਿਣ ਨਾਲ ਸਰੀਰਕ ਸਰਗਰਮੀ ਘਟਣ ਕਾਰਨ ਮੋਟਾਪਾ, ਨੀਂਦ ਦੀ ਕਮੀ, ਅੱਖਾਂ ਦੀ ਥਕਾਵਟ, ਗਰਦਨ, ਮੋਢਿਆਂ, ਪਿੱਠ ਅਤੇ ਲੱਕ ਦੇ ਦਰਦ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਛੋਟੀਆਂ ਅਤੇ ਤੇਜ਼ੀ ਨਾਲ ਬਦਲਦੀਆਂ ਵੀਡੀਓਜ਼ ਦੀ ਲਗਾਤਾਰ ਵਰਤੋਂ ਨਾਲ ਲੰਬੇ ਸਮੇਂ ਤੱਕ ਇਕ ਕੰਮ ’ਤੇ ਧਿਆਨ ਟਿਕਾਉਣਾ ਔਖਾ ਹੋ ਸਕਦਾ ਹੈ। ਇਸ ਦਾ ਅਸਰ ਖ਼ਾਸ ਕਰਕੇ ਬੱਚਿਆਂ ਦੀ ਪੜ੍ਹਾਈ, ਸਿੱਖਣ ਅਤੇ ਭਾਸ਼ਾਈ ਵਿਕਾਸ ’ਤੇ ਪੈ ਸਕਦਾ ਹੈ। ਡਾ. ਪਾਠਕ ਨੇ ਦੱਸਿਆ ਕਿ ਧਿਆਨ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਵਿੱਚ ਵੀ ਗੈਜਟ ਵਰਤੋਂ ਨੂੰ ਲੈ ਕੇ ਸਾਵਧਾਨੀ ਜ਼ਰੂਰੀ ਹੈ। .................................. ਬਿਮਾਰੀ ਨੂੰ ਇੰਟਰਨੈੱਟ ’ਤੇ ਲੱਭਣਾ ਵੀ ਬਣਿਆ ਚਿੰਤਾ ਦਾ ਕਾਰਨ ਸਿਵਲ ਹਸਪਤਾਲ ਦੇ ਡਾ. ਸੌਰਵ ਜੈਨ ਮੁਤਾਬਿਕ ਕਈ ਲੋਕ ਸਰੀਰ ਦੀਆਂ ਬਿਮਾਰੀਆਂ ਨੂੰ ਵਾਰ-ਵਾਰ ਇੰਟਰਨੈੱਟ ’ਤੇ ਖੋਜ ਕੇ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਨਾਲ ਜੋੜ ਲੈਂਦੇ ਹਨ, ਜਿਸ ਕਾਰਨ ਬੇਲੋੜੀ ਚਿੰਤਾ ਵਧਦੀ ਹੈ। ਇਸ ਰੁਝਾਨ ਨੂੰ ‘ਸਾਈਬਰਕੌਂਡਰੀਆ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਇਕੋ ਥਾਂ ਬੈਠ ਕੇ ਫੋਨ ਦੇਖਣ, ਗੇਮ ਖੇਡਣ, ਆਨਲਾਈਨ ਕੰਮ ਕਰਨ ਜਾਂ ਹੋਰ ਡਿਜੀਟਲ ਗਤੀਵਿਧੀਆਂ ਵਿੱਚ ਰੁੱਝੇ ਰਹਿਣ ਨਾਲ ਸਰੀਰਕ ਦਰਦ ਦੀਆਂ ਸ਼ਿਕਾਇਤਾਂ ਵੀ ਵਧ ਸਕਦੀਆਂ ਹਨ। ਡਾਕਟਰਾਂ ਅਨੁਸਾਰ ਸਿਵਲ ਹਸਪਤਾਲ ਜ਼ੀਰਾ ਦੀ ਓਪੀਡੀ ਵਿੱਚ ਰੋਜ਼ਾਨਾ 100 ਤੋਂ ਵੱਧ ਮਰੀਜ਼ ਆ ਰਹੇ ਹਨ। ਸਮਾਰਟਵਾਚ ਅਤੇ ਹੈੱਡਫੋਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਹੱਥ ਜਾਂ ਕੰਨਾਂ ਵਿੱਚ ਦਰਦ ਅਤੇ ਭਾਰੀਪਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। .................................... ਸਵੇਰ ਤੇ ਰਾਤ ਦਾ ਇਕ-ਇਕ ਘੰਟਾ ਰਹੇ ‘ਟੈਕ-ਫ੍ਰੀ’ ਡਾ. ਸੁਸ਼ੀਲ ਪਾਠਕ ਨੇ ਗੈਜਟ ਵਰਤੋਂ ਦੌਰਾਨ 20-20-20 ਨਿਯਮ ਅਪਣਾਉਣ ਦੀ ਸਲਾਹ ਦਿੱਤੀ। ਹਰ 20 ਮਿੰਟ ਬਾਅਦ 20 ਸਕਿੰਟ ਲਈ ਲਗਪਗ 20 ਫੁੱਟ ਦੂਰ ਕਿਸੇ ਵਸਤੂ ਵੱਲ ਦੇਖਣ ਨਾਲ ਅੱਖਾਂ ਨੂੰ ਆਰਾਮ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸੌਣ ਤੋਂ ਇਕ ਘੰਟਾ ਪਹਿਲਾਂ ਅਤੇ ਸਵੇਰੇ ਉੱਠਣ ਤੋਂ ਬਾਅਦ ਇਕ ਘੰਟੇ ਤੱਕ ਗੈਜਟਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਖਾਣੇ ਦੀ ਮੇਜ਼ ਅਤੇ ਸੌਣ ਵਾਲੇ ਕਮਰੇ ਨੂੰ ‘ਟੈਕ-ਫ੍ਰੀ ਜ਼ੋਨ’ ਬਣਾਉਣ ਦੇ ਨਾਲ ਬੱਚਿਆਂ ਨੂੰ ਖਾਣਾ ਖਾਂਦੇ ਸਮੇਂ ਮੋਬਾਈਲ ਤੋਂ ਦੂਰ ਰੱਖਣਾ ਵੀ ਜ਼ਰੂਰੀ ਹੈ।