ਮੁੱਦਕੀ ਦੇ ਸਰਕਾਰੀ ਸਕੂਲ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਕਰਵਾਇਆ ਮੁੱਦਕੀ ਦੇ ਸਰਕਾਰੀ ਸਕੂਲ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ, ਜ਼ਿਲ੍ਹਾ ਮੈਜਿਸਟਰੇਟ ਨੇ ਕੀਤੀ ਸ਼ਿਰਕਤ
Publish Date: Sat, 31 Oct 2026 04:57 PM (IST)
Updated Date: Sat, 31 Oct 2026 04:59 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਕਸਬਾ ਮੁੱਦਕੀ ਦੇ ਫਰੀਦਕੋਟ ਰੋਡ ਵਿਖੇ ਸਥਿਤ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਕੂਲ ਮੁਖੀ ਸੀਮਾ ਦੇਵੀ ਦੀ ਯੋਗ ਅਗਵਾਈ ’ਚ ਇੱਕ ਵਿਸ਼ੇਸ਼ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਜ਼ਿਲ੍ਹਾ ਮੈਜਿਸਟਰੇਟ ਰਜਿੰਦਰ ਸਿੰਘ ਤੇਜੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਇਸ ਮੌਕੇ ਐਡਵੋਕੇਟ ਨੇਹਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਮੈਂਬਰ ਵੀ ਮੌਜੂਦ ਸਨ। ਸੈਮੀਨਾਰ ਦੀ ਸ਼ੁਰੂਆਤ ਵਿੱਚ ਐਡਵੋਕੇਟ ਨੇਹਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੇ ਮੌਲਿਕ ਅਧਿਕਾਰਾਂ ਅਤੇ ਕਾਨੂੰਨੀ ਨਿਯਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਾਨੂੰਨ ਬਾਰੇ ਜਾਣਕਾਰੀ ਹੋਣਾ ਹਰ ਨਾਗਰਿਕ ਲਈ ਕਿੰਨਾ ਜ਼ਰੂਰੀ ਹੈ, ਤਾਂ ਜੋ ਉਹ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਰਜਿੰਦਰ ਸਿੰਘ ਤੇਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਨਿੱਜੀ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜ ਪ੍ਰਤੀ ਕਰਤਵਾਂ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਸੁਨੇਹਾ ਦਿੱਤਾ ਕਿ ਉਹ ਮਾੜੀਆਂ ਆਦਤਾਂ, ਸਮਾਜਿਕ ਕੁਰੀਤੀਆਂ ਅਤੇ ਖਾਸ ਕਰਕੇ ਨਸ਼ਿਆਂ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਹਮੇਸ਼ਾ ਦੂਰ ਰਹਿਣ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਜੀਵਨ ਵਿੱਚ ਇੱਕ ਸਪੱਸ਼ਟ ਟੀਚਾ ਤਹਿ ਕਰਨਾ ਚਾਹੀਦਾ ਹੈ ਅਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਸਖ਼ਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਸੈਮੀਨਾਰ ਦੇ ਅੰਤ ਵਿੱਚ ਸਕੂਲ ਮੁਖੀ ਸੀਮਾ ਦੇਵੀ ਨੇ ਜੱਜ ਸਾਹਿਬ ਰਜਿੰਦਰ ਸਿੰਘ ਤੇਜੀ, ਐਡਵੋਕੇਟ ਨੇਹਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਕੂਲ ਪਹੁੰਚਣ ਅਤੇ ਬੱਚਿਆਂ ਦਾ ਮਾਰਗਦਰਸ਼ਨ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਟੇਜ ਦੇ ਮੰਚ ਸੰਚਾਲਨ ਦੀ ਭੂਮਿਕਾ ਦੀਦਾਰ ਸਿੰਘ ਵੱਲੋਂ ਬਹੁਤ ਹੀ ਖੂਬੀ ਨਾਲ ਨਿਭਾਈ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।