ਪੱਲੇਦਾਰ ਮਜਦੂਰਾਂ ਦੀਆਂ ਜਾਇਜ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਾਇਰੈਕਟਰ ਫੂਡ ਸਪਲਾਈ ਪੰਜਾਬ ਨਾਲ ਮੀਟਿੰਗ ਕੀਤੀ
Publish Date: Wed, 07 Oct 2026 04:38 PM (IST)
Updated Date: Wed, 07 Oct 2026 04:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਪੰਜਾਬ ਏਜੰਸੀਆਂ ’ਚ ਕੰਮ ਕਰਦੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਾਇਰੈਕਟਰ ਫੂਡ ਸਪਲਾਈ ਪੰਜਾਬ ਰਵਿੰਦਰ ਕੁਮਾਰ ਨਾਲ ਅਨਾਜ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਜਿਸ ਵਿੱਚ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਮੰਗਾਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂ ਖੁਸ਼ੀ ਮੁਹੰਮਦ, ਪੰਜਾਬ ਪ੍ਰਧਾਨ ਅਵਤਾਰ ਸਿੰਘ ਬਿੱਲਾ, ਜੁਆਇੰਟ ਸੈਕਟਰੀ ਬਲਵੀਰ ਸਿੰਘ ਲਹਿਰਾ, ਗੁਰਬਖਸ਼ ਸਿੰਘ ਬਦਨੀ ਕਲਾਂ, ਰਫੀ ਮੁਹੰਮਦ, ਸ਼ਮਸ਼ੇਰ ਸਿੰਘ ਕੋਟਕਪੂਰਾ ਆਦਿ ਆਗੂਆਂ ਨੇ ਡਾਇਰੈਕਟਰ ਫੂਡ ਸਪਲਾਈ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਪੱਲੇਦਾਰ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋ ਠੇਕੇਦਾਰੀ ਖਤਮ ਕਰਕੇ ਪੱਲੇਦਾਰ ਮਜਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ। ਜਿਸ ਤਰ੍ਹਾਂ ਦੇਖਿਆ ਗਿਆ ਹੈ ਕਿ ਕਈਆਂ ਸਟੇਸ਼ਨਾਂ ਤੇ ਜਦੋਂ ਕੋਈ ਨਵਾਂ ਠੇਕੇਦਾਰ ਠੇਕਾ ਲੈ ਕੇ ਆਉਂਦਾ ਹੈ ਤਾਂ ਉਹ ਪੁਰਾਣੀ ਲੇਬਰ ਨੂੰ ਹਟਾ ਕੇ ਨਵੇਂ ਮਜਦੂਰ ਕੰਮ ਤੇ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਠੇਕੇਦਾਰ ਕੋਈ ਵੀ ਹੋਵੇ ਉੱਥੇ ਪੁਰਾਣੀ ਲੇਬਰ ਜੋ ਪਿਛਲੇ ਸਮੇਂ ਤੋਂ ਕੰਮ ਕਰ ਰਹੀ ਉਸ ਲੇਬਰ ਨੂੰ ਕੰਮ ਤੋ ਨਾ ਹਟਾਇਆ ਜਾਵੇ, ਹਰ ਸਾਲ ਮਹਿੰਗਾਈ ਦੇ ਹਿਸਾਬ ਨਾਲ ਬੇਸਿਕ ਰੇਟਾਂ ਵਿੱਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ। ਮਾਣਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ 1 ਮਈ 2026 ਨੂੰ ਮਜਦੂਰ ਦਿਵਸ ਮੌਕੇ ਪੰਜਾਬ ਦੇ ਗਰੀਬ ਮਜਦੂਰਾਂ ਦੀ ਮਜਦੂਰੀ ਵਿੱਚ 15 ਪ੍ਰਤੀਸ਼ਤ ਵਧਾਉਣ ਦਾ ਐਲਾਨ ਕੀਤਾ ਗਿਆ ਸੀ,15 ਪ੍ਰਤੀਸ਼ਤ ਪੀ ਆਰ -66 ਵਿੱਚ ਬੇਸਿਕ ਰੇਟਾਂ ਵਾਲਾ ਐਲਾਨ ਪੂਰਾ ਕੀਤਾ ਜਾਵੇ। ਸਾਲ 2026-2027 ਵਿੱਚ ਬੇਸਿਕ ਰੇਟਾਂ ਵਿੱਚ ਮਹਿੰਗਾਈ ਦੇ ਹਿਸਾਬ ਨਾਲ ਬੁਹਤ ਹੀ ਘੱਟ ਵਾਧਾ ਕਿਤਾ ਗਿਆ ਹੇ। ਮਹਿੰਗਾਈ ਦੇ ਹਿਸਾਬ ਨਾਲ 2027-2028 ਪੀ ਆਰ-66 ਵਿੱਚ ਬੇਸਿਕ ਰੇਟਾਂ ਵਿੱਚ ਵੱਧ ਤੋਂ ਵੱਧ ਵਾਧਾ ਕੀਤਾ ਜਾਵੇ ਅਤੇ ਪੱਲੇਦਾਰ ਮਜਦੂਰਾਂ ਦੀਆਂ ਹੋਰ ਮੰਗਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਡਾਇਰੈਕਟਰ ਫੂਡ ਸਪਲਾਈ ਪੰਜਾਬ ਰਵਿੰਦਰ ਕੁਮਾਰ ਨੇ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਯੂਨੀਅਨ ਦੀਆਂ ਜਾਇਜ ਮੰਗਾਂ ਨੂੰ ਜਲਦ ਪੂਰੀਆਂ ਕਰ ਦਿੱਤਾ ਜਾਵੇਗਾ।