ਲੀਗਲ ਏਡ ਡਿਫੈਂਸ ਕੌਂਸਲ ਨੀਤੀ ਖ਼ਿਲਾਫ਼ ਵਕੀਲਾਂ ਦਾ ਸੰਘਰਸ਼ ਜਾਰੀ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਖ਼ਿਲਾਫ਼ ਵਕੀਲਾਂ ਦਾ ਸੰਘਰਸ਼ ਲਗਾਤਾਰ ਜਾਰੀ
Publish Date: Thu, 23 Jul 2026 04:22 PM (IST)
Updated Date: Thu, 23 Jul 2026 04:25 PM (IST)
- ਫ਼ਿਰੋਜ਼ਪੁਰ ’ਚ ਚੌਥੇ ਦਿਨ ਵੀ ਭੁੱਖ ਹੜਤਾਲ ਤੇ ਰੋਸ ਮਾਰਚ ਜਾਰੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਲੀਗਲ ਏਡ ਡਿਫੈਂਸ ਕੌਂਸਲ (ਐੱਲਏਡੀਸੀ) ਨੀਤੀ ਵਿਰੁੱਧ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਆਦੇਸ਼ਾਂ ’ਤੇ ਵਕੀਲ ਭਾਈਚਾਰੇ ਦਾ ਰੋਸ ਪ੍ਰਦਰਸ਼ਨ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਫ਼ਿਰੋਜ਼ਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਇਸ ਨੀਤੀ ਦੇ ਵਿਰੋਧ ਵਿਚ ਅੱਜ ਚੌਥੇ ਦਿਨ ਵੀ ਚੇਨ ਭੁੱਖ ਹੜਤਾਲ ਜਾਰੀ ਰੱਖਦਿਆਂ ਸ਼ਹਿਰ ਵਿਚ ਜ਼ੋਰਦਾਰ ਰੋਸ ਮਾਰਚ ਕੱਢਿਆ ਗਿਆ। ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਨੂੰ ਪੂਰੀ ਤਰ੍ਹਾਂ ਵਕੀਲ ਵਿਰੋਧੀ ਕਰਾਰ ਦਿੰਦਿਆਂ ਪੂਰੇ ਸੂਬੇ ਅੰਦਰ ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਦਾ ਮੁਕੰਮਲ ਬਾਈਕਾਟ ਕੀਤਾ ਜਾ ਰਿਹਾ ਹੈ, ਆਮ ਲੋਕਾਂ ਨੂੰ ਵੀ ਇਸ ਨਾਲ ਕਾਫ਼ੀ ਪਰੇਸ਼ਾਨੀ ਆ ਰਹੀ ਹੈ ਪਰ ਵਕੀਲ ਆਪਣੇ ਹੱਕਾਂ ਲਈ ਡਟੇ ਹੋਏ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਕੱਤਰ ਨੀਲ ਰਤਨ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਯੁਕਤ ਐਕਸ਼ਨ ਕਮੇਟੀ ਦੁਆਰਾ ਲਏ ਗਏ ਸਾਰੇ ਫ਼ੈਸਲਿਆਂ ਨੂੰ ਹੇਠਲੇ ਪੱਧਰ ’ਤੇ ਪੂਰੀ ਦ੍ਰਿੜ੍ਹਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਇਸ ਵਕੀਲ ਵਿਰੋਧੀ ਐੱਲਏਡੀਸੀ ਨੀਤੀ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲੈਂਦੀ, ਉਦੋਂ ਤੱਕ ‘ਨੋ ਵਰਕ ਡੇ’ ਅੰਦੋਲਨ ਅਤੇ ਅਨਿਸ਼ਚਿਤਕਾਲੀ ਭੁੱਖ ਹੜਤਾਲ ਅਤੁੱਟ ਰੂਪ ਵਿਚ ਜਾਰੀ ਰਹੇਗੀ। ਇਸ ਵੱਡੇ ਅੰਦੋਲਨ ਦੇ ਅਗਲੇ ਚਰਨ ਵਿਚ ਫ਼ਿਰੋਜ਼ਪੁਰ ਦੇ ਕਈ ਪ੍ਰਮੁੱਖ ਵਕੀਲਾਂ ਨੇ ਭੁੱਖ ਹੜਤਾਲ ’ਤੇ ਬੈਠ ਕੇ ਆਪਣੇ ਹੱਕਾਂ ਅਤੇ ਪੇਸ਼ੇਵਰ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ। ਵਕੀਲ ਆਗੂਆਂ ਨੇ ਕਿਹਾ ਕਿ ਵਕੀਲਾਂ ਦੀ ਇਹ ਮੌਜ਼ੂਦਾ ਇਕਜੁੱਟਤਾ ਪੂਰੇ ਲੀਗਲ ਭਾਈਚਾਰੇ ਦੇ ਸਾਂਝੇ ਭਵਿੱਖ ਅਤੇ ਅਧਿਕਾਰਾਂ ਦੀ ਰਾਖੀ ਲਈ ਬਹੁਤ ਜ਼ਰੂਰੀ ਹੈ। ਸੰਘਰਸ਼ ਨੂੰ ਹੋਰ ਵਿਆਪਕ, ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਾਰ ਐਸੋਸੀਏਸ਼ਨ ਨੇ ਸਮੂਹ ਵਕੀਲ ਭਾਈਚਾਰੇ ਨੂੰ ਖਾਸ ਅਪੀਲ ਕੀਤੀ ਹੈ ਕਿ ਉਹ ਭਾਰਤ ਦੇ ਮੁੱਖ ਸੀਜੇਆਈ ਨੂੰ ਨਿੱਜੀ ਤੌਰ ’ਤੇ ਮੰਗ ਪੱਤਰ ਭੇਜਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਵਕੀਲਾਂ ਨੂੰ ਇਸ ਅੰਦੋਲਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾ ਕੇ ਵਕੀਲ ਏਕਤਾ ਦਾ ਸਬੂਤ ਦੇਣ ਦਾ ਸੱਦਾ ਦਿੱਤਾ। ਅੱਜ ਦੀ ਚੇਨ ਭੁੱਖ ਹੜਤਾਲ ਵਿਚ ਸ਼ਾਮਲ ਹੋਣ ਵਾਲੇ ਸਵੈਇਛੁੱਕ ਮੈਂਬਰਾਂ ਦੀ ਸੂਚੀ ਵਿਚ ਐਡਵੋਕੇਟ ਅਮਿਤ ਸ਼ਰਮਾ, ਐਡਵੋਕੇਟ ਦਮਨਪ੍ਰੀਤ ਕੌਰ, ਐਡਵੋਕੇਟ ਜੁਗਰਾਜ ਧਮੀਜਾ, ਐਡਵੋਕੇਟ ਲਵਪ੍ਰੀਤ ਕੌਰ, ਐਡਵੋਕੇਟ ਸਿਮਰਨਜੀਤ ਸਿੰਘ ਖੋਸਾ, ਐਡਵੋਕੇਟ ਪ੍ਰਭਜੋਤ ਕੌਰ ਅਤੇ ਐਡਵੋਕੇਟ ਕਰਨ ਪੁੱਗਲ ਸ਼ਾਮਲ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਇਨ੍ਹਾਂ ਸਾਰੇ ਸਾਥੀ ਵਕੀਲਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਅੱਜ ਚੇਨ ਭੁੱਖ ਹੜਤਾਲ ਵਿਚ ਸ਼ਾਮਲ ਹੋ ਕੇ ਬਾਰ ਦੇ ਸੰਘਰਸ਼ ਨੂੰ ਹੋਰ ਬਲ ਬਖ਼ਸ਼ਿਆ। ਐਸੋਸੀਏਸ਼ਨ ਨੇ ਕਿਹਾ ਕਿ ਇਹ ਏਕਤਾ, ਦ੍ਰਿੜਤਾ ਅਤੇ ਸਮਰਪਣ ਇਸ ਲੜਾਈ ਨੂੰ ਨਵਾਂ ਹੌਸਲਾ ਪ੍ਰਦਾਨ ਕਰ ਰਿਹਾ ਹੈ।