ਐੱਲਏਡੀਸੀ ਪਾਲਸੀ ਖ਼ਿਲਾਫ਼ ਵਕੀਲਾਂ ਦਾ ਮੋਰਚਾ ਤਿੱਖਾ, ਫਿਰੋਜ਼ਪੁਰ ’ਚ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਲੀਗਲ ਏਡ ਡਿਫੈਂਸ ਕੌਂਸਲ ਪਾਲਸੀ ਖ਼ਿਲਾਫ਼ ਵਕੀਲਾਂ ਦਾ ਮੋਰਚਾ ਤਿੱਖਾ, ਫਿਰੋਜ਼ਪੁਰ ’ਚ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ
Publish Date: Mon, 27 Jul 2026 03:59 PM (IST)
Updated Date: Mon, 27 Jul 2026 04:01 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਲੀਗਲ ਏਡ ਡਿਫੈਂਸ ਕੌਂਸਲ (ਐੱਲਏਡੀਸੀ) ਪਾਲਸੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਫਿਰੋਜ਼ਪੁਰ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਹੋਰ ਤਿੱਖਾ ਹੋ ਗਿਆ ਹੈ। ਐਸੋਸੀਏਸ਼ਨ ਦੇ ਸੱਦੇ ’ਤੇ ਵਕੀਲ ਭਾਈਚਾਰੇ ਨੇ ਆਪਣੀਆਂ ਮੰਗਾਂ ਦੇ ਹੱਕ ਵਿੱ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਭੁੱਖ ਹੜਤਾਲ ਸੋਮਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਮੰਗਲਵਾਰ ਸਵੇਰੇ 10 ਵਜੇ ਤੱਕ ਜਾਰੀ ਰਹੇਗੀ। ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਲਿਸੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਲੀਗਲ ਏਡ ਡਿਫੈਂਸ ਕੌਂਸਲ ਪਾਲਸੀ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਅਗਵਾਈ ਹੇਠ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਅਤੇ ਪ੍ਰਦਰਸ਼ਨਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ, ਐਸੋਸੀਏਸ਼ਨ ਦੇ ਮੁੱਖ ਮੈਂਬਰਾਂ ਨੇ ਆਪਣੀ ਮਰਜ਼ੀ ਨਾਲ ਇਸ 24 ਘੰਟੇ ਦੀ ਭੁੱਖ ਹੜਤਾਲ ਵਿਚ ਹਿੱਸਾ ਲਿਆ ਹੈ। ਇਸ ਭੁੱਖ ਹੜਤਾਲ ’ਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਕੀਲਾਂ ਵਿੱਚ ਐਡਵੋਕੇਟ ਗੁਰਸਿਮਰਨ ਢਿੱਲੋਂ, ਐਡਵੋਕੇਟ ਵਰਿੰਦਰ ਸਿੰਘ ਸਰਾਂ, ਐਡਵੋਕੇਟ ਰਮਨਦੀਪ ਬਾਠ, ਐਡਵੋਕੇਟ ਵਿਕਾਸ ਧਵਨ, ਐਡਵੋਕੇਟ ਬਲਦੀਪ ਗਿੱਲ, ਐਡਵੋਕੇਟ ਸੁਖਪਾਲ ਸਿੰਘ, ਐਡਵੋਕੇਟ ਗੁਰਸਾਬ ਸਿੰਘ ਮੱਲ ਅਤੇ ਐਡਵੋਕੇਟ ਬਲਰਾਜ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰੇ ਵਕੀਲਾਂ ਨੇ ਸੋਮਵਾਰ ਸਵੇਰੇ 10 ਵਜੇ ਤੋਂ ਭੁੱਖ ਹੜਤਾਲ ’ਤੇ ਬੈਠ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਆਪਣਾ ਰੋਸ ਪ੍ਰਗਟਾਇਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਅਹੁਦੇਦਾਰਾਂ ਵੱਲੋਂ ਸੰਘਰਸ਼ ਵਿੱਚ ਅੱਗੇ ਆ ਕੇ ਯੋਗਦਾਨ ਪਾਉਣ ਵਾਲੇ ਇਨ੍ਹਾਂ ਸਾਰੇ ਵਕੀਲਾਂ ਦੀ ਦਲੇਰੀ, ਲਗਨ ਅਤੇ ਵਚਨਬੱਧਤਾ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ। ਐਸੋਸੀਏਸ਼ਨ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵਕੀਲਾਂ ਵੱਲੋਂ ਦਿੱਤੀ ਗਈ ਕੁਰਬਾਨੀ ਸਮੁੱਚੀ ਬਾਰ ਐਸੋਸੀਏਸ਼ਨ ਦੇ ਸਾਂਝੇ ਮਕਸਦ ਅਤੇ ਹੱਕਾਂ ਦੀ ਰਾਖੀ ਲਈ ਬਹੁਤ ਮਹੱਤਵਪੂਰਨ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਅਸੀਂ ਸਾਰੇ ਇਕੱਠੇ ਰਹਾਂਗੇ, ਤਾਂ ਅਸੀਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ। ਵਕੀਲ ਭਾਈਚਾਰੇ ਨੇ ਸਪੱਸ਼ਟ ਕੀਤਾ ਕਿ ਇਹ ਪਾਲਿਸੀ ਵਕੀਲਾਂ ਦੇ ਹਿੱਤਾਂ ਦੇ ਖ਼ਲਾਫ਼ ਹੈ, ਅਤੇ ਜਦੋਂ ਤੱਕ ਇਸ ਵਿੱਚ ਜ਼ਰੂਰੀ ਸੁਧਾਰ ਜਾਂ ਇਸ ਨੂੰ ਵਾਪਸ ਲੈਣ ਬਾਰੇ ਕੋਈ ਈਮਾਨਦਾਰਾਨਾ ਕਦਮ ਨਹੀਂ ਚੁੱਕਿਆ ਜਾਂਦਾ, ਉਦੋਂ ਤੱਕ ਵਕੀਲਾਂ ਦੀ ਏਕਤਾ ਅਤੇ ਇਹ ਅੰਦੋਲਨ ਇਸੇ ਤਰ੍ਹਾਂ ਪੂਰੇ ਉਤਸ਼ਾਹ ਨਾਲ ਜਾਰੀ ਰਹੇਗਾ।