ਭਾਸ਼ਾ ਵਿਭਾਗ, ਪੰਜਾਬ ਵੱਲੋਂ ਫ਼ਿਰੋਜ਼ਪੁਰ ਵਿਚ ਨਾਟਕ ‘ਨਾਇਕ’ ਦਾ ਮੰਚਨ ਭਾਸ਼ਾ ਵਿਭਾਗ, ਪੰਜਾਬ ਵੱਲੋਂ ਫ਼ਿਰੋਜ਼ਪੁਰ ਵਿਚ ਨਾਟਕ ‘ਨਾਇਕ’ ਦੀਆਂ ਪੇਸ਼ਕਾਰੀਆਂ ਕਰਵਾਈਆਂ ਗਈਆਂ
Publish Date: Sat, 10 Oct 2026 03:26 PM (IST)
Updated Date: Sat, 10 Oct 2026 03:29 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਨਿਰਦੇਸ਼ਕ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਲਿਖੇ ਨਾਟਕ ‘ਨਾਇਕ’ ਦੀਆਂ ਦੋ ਪੇਸ਼ਕਾਰੀਆਂ ਕਰਵਾਈਆਂ ਗਈਆਂ। ਨਟਰਾਜ ਰੰਗਮੰਚ, ਕੋਟਕਪੂਰਾ ਵੱਲੋਂ ਰੰਗ ਹਰਜਿੰਦਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਇਸ ਨਾਟਕ ਰਾਹੀਂ ਸਮਾਜਿਕ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਹੱਕ-ਸੱਚ ਦੇ ਰਾਹ ’ਤੇ ਚੱਲਣ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਨਾਟਕ ‘ਨਾਇਕ’ ਸਮਕਾਲੀ ਸਮਾਜਿਕ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ’ਤੇ ਤਿੱਖਾ ਵਿਅੰਗ ਕਰਦਾ ਹੈ। ਨਾਟਕ ਵਿੱਚ ਦੋ ਪੀੜ੍ਹੀਆਂ ਦੀ ਵਿਚਾਰਧਾਰਕ ਵਿੱਥ ਨੂੰ ਪੇਸ਼ ਕੀਤਾ ਗਿਆ ਹੈ। ਇੱਕ ਪਾਸੇ ਅਗਾਂਹਵਧੂ ਵਿਚਾਰਾਂ ਵਾਲਾ ਪੜ੍ਹਿਆ-ਲਿਖਿਆ ਨੌਜਵਾਨ ਆਪਣੀ ਯੋਗਤਾ ਦੇ ਆਧਾਰ ’ਤੇ ਨੌਕਰੀ ਹਾਸਲ ਕਰਨਾ ਚਾਹੁੰਦਾ ਹੈ, ਜਦਕਿ ਦੂਜੇ ਪਾਸੇ ਜੀਵਨ ਦੇ ਲੰਮੇ ਤਜਰਬੇ ਵਿੱਚੋਂ ਗੁਜ਼ਰਿਆ ਉਸ ਦਾ ਪਿਤਾ ਸਿਫ਼ਾਰਸ਼ ਤੋਂ ਬਿਨਾਂ ਨੌਕਰੀ ਮਿਲਣ ਨੂੰ ਔਖਾ ਸਮਝਦਾ ਹੈ। ਦੋਵਾਂ ਦੀ ਵਿਚਾਰਧਾਰਾ ਦਾ ਇਹ ਟਕਰਾਅ ਨਾਟਕ ਦੀ ਕਹਾਣੀ ਨੂੰ ਅੱਗੇ ਤੋਰਦਾ ਹੈ। ਨਾਟਕ ਦੇ ਅੰਤ ਵਿਚ ਪਿਤਾ ਵੀ ਪੁੱਤਰ ਦੇ ਮੋਢੇ ਨਾਲ ਮੋਢਾ ਜੋੜ ਕੇ ਇਨਕਲਾਬੀ ਰਾਹ ’ਤੇ ਚੱਲਣ ਅਤੇ ਸਮਾਜਿਕ ਤੰਤਰ ਨੂੰ ਖੋਖਲਾ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ਲਾਮਬੰਦ ਹੋਣ ਦਾ ਪ੍ਰਣ ਲੈਂਦਾ ਹੈ। ਨਾਟਕ ਦੀ ਪਹਿਲੀ ਪੇਸ਼ਕਾਰੀ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਵਿਖੇ ਹੋਈ। ਇਸ ਮੌਕੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ, ਫ਼ਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਮਹਿਮਾਨ-ਏ-ਖਾਸ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨਾਟਕ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਇਨਕਲਾਬ ਦੇ ਰਾਹ ’ਤੇ ਚੱਲਦਿਆਂ ਮਨੁੱਖੀ ਹੱਕਾਂ ਦੀ ਰਾਖੀ ਕਰਨਾ ਸਾਡਾ ਪ੍ਰਮੁੱਖ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੱਕ ਅਤੇ ਸੱਚ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਨਾਟਕ ਦੀ ਦੂਜੀ ਪੇਸ਼ਕਾਰੀ ਦੇਵ ਸਮਾਜ ਕਾਲਜ ਮੈਨੇਜ਼ਮੈਂਟ ਦੇ ਪ੍ਰਧਾਨ ਚੇਅਰਮੈਨ ਅਗਨੀਸ਼ ਢਿੱਲੋਂ, ਸਕੱਤਰ ਐਡਵੋਕੇਟ ਅਜੈ ਬੱਤਾ ਦੀ ਸਰਪ੍ਰਸਤੀ ਹੇਠ ਹੋਈ। ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਸਿਟੀਜ਼ਨ ਫ਼ੋਰਮ, ਫ਼ਿਰੋਜ਼ਪੁਰ ਦੇ ਸਰਪ੍ਰਸਤ ਹਰੀਸ਼ ਮੌਂਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨਾਟਕ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਟਕ ਅਜਿਹੀ ਕਲਾ ਹੈ, ਜੋ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣ ਦੇ ਨਾਲ-ਨਾਲ ਆਪਣੇ ਹੱਕਾਂ ਲਈ ਜੂਝਣ ਦੀ ਪ੍ਰੇਰਨਾ ਵੀ ਦਿੰਦੀ ਹੈ। ਉਨ੍ਹਾਂ ਨੇ ਇਸ ਮੌਕੇ ਆਪਣੇ ਰੰਗਮੰਚੀ ਜੀਵਨ ਦੇ ਤਜ਼ਰਬੇ ਵੀ ਸਾਂਝੇ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਇਹ ਪੇਸ਼ਕਾਰੀ ਸਫ਼ਲਤਾਪੂਰਵਕ ਨੇਪਰੇ ਚੜ੍ਹੀ। ਇਸ ਮੌਕੇ ਕਹਾਣੀਕਾਰ ਗੁਰਦਿਆਲ ਸਿੰਘ ਵਿਰਕ, ਰੰਗਕਰਮੀ ਹਰਪਾਲ ਜਮਾਰਾਏ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਨਾਟਕ ਵਿਚ ਰੰਗ ਹਰਜਿੰਦਰ, ਸੁਖਵਿੰਦਰ ਬਿੱਟੂ, ਜੌਹਨ ਮਸੀਹ ਅਤੇ ਗੁਰੂ ਗੁਰਭੇਜ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਨਾਟ-ਪੇਸ਼ਕਾਰੀ ਦੇ ਮੁੱਖ ਪ੍ਰਬੰਧਕ ਮਿੰਟੂ ਮਲਵਈ ਸਨ। ਇਨ੍ਹਾਂ ਦੌਵੇਂ ਪੇਸ਼ਕਾਰੀਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿਚ ਡਾ.ਰਜਨੀ, ਅਰਸ਼ਦੀਪ ਕੌਰ, ਦੀਪਾ ਮਸੀਹ, ਸਪਨ ਵਟਸ, ਦਰਸ਼ਨ ਸਿੰਘ ਅਤੇ ਵਿਸ਼ੇਸ਼ ਤੌਰ ’ਤੇ ਚੇਤਨ ਕੁਮਾਰ, ਕਲਰਕ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦਾ ਸਹਿਯੋਗ ਰਿਹਾ।