
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਫੈਡਰੇਲ ਬੈਂਕ ਅੱਗੇ ਧਰਨਾ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪਰਿਵਾਰ ’ਤੇ ਪਏ ਆਰਥਿਕ ਬੋਝ ਨੂੰ ਖ਼ਤਮ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਫੈਡਰਲ ਬੈਂਕ ਨੇੜੇ ਊਧਮ ਸਿੰਘ ਚੌਂਕ ਦੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ। ਕਿਸਾਨ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਸਿਰ ਚੜ੍ਹਿਆ ਖੇਤੀ ਕਰਜ਼ਾ ਖ਼ਤਮ ਕਰਵਾਉਣ ਅਤੇ ਕਿਸਾਨ ਵੱਲੋਂ ਕਰਵਾਏ ਗਏ ਸਿਹਤ ਬੀਮੇ ਦਾ ਬਣਦਾ ਕਲੇਮ ਪਰਿਵਾਰ ਨੂੰ ਦਿਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਕਿਸਾਨ ਪਰਿਵਾਰ ਪਹਿਲਾਂ ਹੀ ਗੰਭੀਰ ਆਰਥਿਕ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ। ਅਜਿਹੇ ਹਾਲਾਤ ਵਿਚ ਮ੍ਰਿਤਕ ਕਿਸਾਨ ਦੇ ਸਿਰ ਚੜ੍ਹੇ ਕਰਜ਼ੇ ਦੀ ਜ਼ਿੰਮੇਵਾਰੀ ਪਰਿਵਾਰ ਉੱਤੇ ਪਾਉਣਾ ਉਨ੍ਹਾਂ ਲਈ ਹੋਰ ਵੱਡੀ ਮੁਸ਼ਕਲ ਪੈਦਾ ਕਰਦਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਿਸਾਨ ਵੱਲੋਂ ਬੈਂਕ ਤੋਂ ਲਏ ਗਏ ਖੇਤੀ ਕਰਜ਼ੇ ਨਾਲ ਸਬੰਧਤ ਮਾਮਲੇ ਨੂੰ ਹਮਦਰਦੀ ਅਤੇ ਨਿਆਂ ਦੇ ਆਧਾਰ ’ਤੇ ਵਿਚਾਰਦਿਆਂ ਮ੍ਰਿਤਕ ਕਿਸਾਨ ਦਾ ਖੇਤੀ ਕਰਜ਼ਾ ਮੁਆਫ਼/ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸਾਨ ਵੱਲੋਂ ਕਰਵਾਏ ਗਏ ਸਿਹਤ ਬੀਮੇ ਦੇ ਕਲੇਮ ਦੀ ਰਕਮ ਵੀ ਪਰਿਵਾਰ ਨੂੰ ਤਰੁੰਤ ਦਿੱਤੀ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਕਰਜਾ ਲੈਣ ਸਮੇ ਜਬਰੀ ਕਿਸਾਨਾਂ ਤੋਂ ਬੀਮਾ ਕਰਵਾਇਆ ਜਾਂਦਾ ਹੈ, ਪਰ ਜੇਕਰ ਕਿਸਾਨਾਂ ਨੂੰ ਲੋੜ ਪਵੇ ਤਾਂ ਬੈੰਕ ਅਧਿਕਾਰੀ ਵੱਲੋ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾ ਹੈ। ਕਿਸਾਨਾਂ ਨੇ ਇਕਜੁੱਟ ਹੋਕੇ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਦਿਲਬਾਗ ਸਿੰਘ ਸੁਰਸਿੰਘ ਵਾਲਾ, ਪ੍ਰਤਾਪ ਸਿੰਘ ਲਖਮੀਰਪੂਰਾ, ਰੇਸ਼ਮ ਸਿੰਘ ਹਜ਼ਾਰਾ, ਸੁਖਦੇਵ ਸਿੰਘ ਮਹਿਮਾ ਅਤੇ ਮਜ਼ਦੂਰ ਆਗੂ ਹਰਬੰਸ ਸਿੰਘ ਮਹਿਮਾ ਨੇ ਸੰਬੋਧਨ ਕੀਤਾ।