ਡਿਵਾਈਡਰ ਪਾਰ ਕਰਕੇ ਪਲਟੀ ਕਾਰ, ਸਵਾਰ ਵਾਲ-ਵਾਲ ਬਚੇ ਡਿਵਾਈਡਰ ਪਾਰ ਕਰਕੇ ਪਲਟੀ ਕੀਆ ਕਾਰੈਂਸ, ਸਾਰੇ ਸਵਾਰ ਵਾਲ-ਵਾਲ ਬਚੇ
Publish Date: Sun, 15 Nov 2026 06:24 PM (IST)
Updated Date: Sun, 15 Nov 2026 06:27 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ-ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ’ਤੇ ਅੱਜ ਦੁਪਹਿਰ ਪਿੰਡ ਮਹੀਆਂ ਵਾਲਾ ਕਲਾਂ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਕਾਰਾਂ ਵਿਚਕਾਰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਹੋਈ ਭਿਆਨਕ ਟੱਕਰ ਨੇ ਇੱਕ ਕਾਰ ਨੂੰ ਸੜਕ ਦੇ ਡਿਵਾਈਡਰ ਤੋਂ ਪਾਰ ਪਹੁੰਚਾ ਕੇ ਪਲਟਾ ਦਿੱਤਾ। ਹਾਦਸੇ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਮੌਜੂਦ ਰਾਹਗੀਰਾਂ ਦੇ ਸਾਹ ਰੁਕ ਗਏ, ਪਰ ਕਿਸਮਤ ਚੰਗੀ ਰਹੀ ਕਿ ਦੋਵਾਂ ਵਾਹਨਾਂ ਵਿੱਚ ਸਵਾਰ ਸਾਰੇ ਵਿਅਕਤੀ ਸੁਰੱਖਿਅਤ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2:45 ਵਜੇ ਡੇਰਾ ਬਾਬਾ ਭਾਈ ਹਰ ਜੀ ਸਾਹਿਬ ਖੁਖਰਾਣਾ ਦੇ ਮੁਖੀ ਬਾਬਾ ਅਮਰੀਕ ਸਿੰਘ ਆਪਣੀ ਕੀਆ ਕਾਰੈਂਸ ਗੱਡੀ ਨੰਬਰ ਪੀਬੀ 02-ਈਆਰ- 3413 ਵਿੱਚ ਆਪਣੇ ਸੇਵਕਾਂ ਰਘੁਬੀਰ ਸਿੰਘ, ਰਾਜਵਿੰਦਰ ਸਿੰਘ, ਲਾਭ ਸਿੰਘ ਅਤੇ ਸਾਹਿਬ ਸਿੰਘ ਸਮੇਤ ਤਲਵੰਡੀ ਭਾਈ ਵਿਖੇ ਇੱਕ ਸ਼ਗੁਨ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਕਪੂਰਥਲਾ ਵੱਲ ਜਾ ਰਹੇ ਸਨ। ਦੂਜੇ ਪਾਸੇ ਟੋਯੋਟਾ ਇਨੋਵਾ ਵਿੱਚ ਸਵਾਰ ਸਾਬਕਾ ਸੈਨਿਕ ਕਮੇਟੀ ਪੰਜਾਬ ਦੇ ਮੈਂਬਰ ਆਪਣੇ ਸਾਥੀਆਂ ਸਮੇਤ ਪਰਮਿੰਦਰ ਸਿੰਘ ਝੋਟਾ ਦੇ ਭੋਗ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਚਸ਼ਮਦੀਦਾਂ ਅਨੁਸਾਰ ਪਿੰਡ ਮਹੀਆਂ ਵਾਲਾ ਕਲਾਂ ਨੇੜੇ ਇਨੋਵਾ ਵੱਲੋਂ ਕੀਆ ਕਾਰੈਂਸ ਨੂੰ ਖੱਬੇ ਪਾਸਿਓਂ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਦੋਵਾਂ ਵਾਹਨਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕੀਆ ਕਾਰੈਂਸ ਚਾਲਕ ਦੇ ਕਾਬੂ ਤੋਂ ਬਾਹਰ ਹੋ ਕੇ ਡਿਵਾਈਡਰ ਪਾਰ ਕਰਦੀ ਹੋਈ ਪਲਟੀਆਂ ਖਾਂਦੀ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਇਸ ਦੌਰਾਨ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ ਇਨੋਵਾ ਦਾ ਅਗਲਾ ਐਕਸਲ ਵੀ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਕਿਸੇ ਵੀ ਵਿਅਕਤੀ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਦੇ ਅਸਲ ਕਾਰਨਾਂ ਸਬੰਧੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।