ਕੇ.ਜੀ.ਐੱਸ ਫ਼ਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਨੇ ਲਾਏ ਪੌਦੇ ਕੇ.ਜੀ.ਐੱਸ ਫ਼ਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਨੇ ਲਗਾਏ ਪੌਦੇ
Publish Date: Thu, 24 Sep 2026 04:54 PM (IST)
Updated Date: Fri, 25 Sep 2026 04:03 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਕੇ.ਜੀ.ਐੱਸ ਫ਼ਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਦੇ ਸਾਂਝੇ ਯਤਨਾਂ ਸਦਕਾ ਇਸ ਸਰਹੱਦੀ ਸ਼ਹਿਰ ਨੂੰ ਹਰਿਆ ਬਣਾਉਣ ਲਈ ਚੱਲ ਰਹੀ ਮੁਹਿੰਮ ਦਾ ਪਹਿਲਾ ਪੜਾਅ ਕੁੰਡੇ ਬੰਨ੍ਹ ਤੇ ਰੁੱਖ ਲਗਾ ਕੇ ਗਰੀਨ ਵਾਲ ਆਫ਼ ਫ਼ਿਰੋਜ਼ਪੁਰ ਦੀ ਤਿਆਰੀ ਨਾਲ ਮੁਕੰਮਲ ਕਰ ਲਿਆ ਗਿਆ। ਉਪਰੋਕਤ ਦੋਵਾਂ ਟੀਮਾਂ ਵੱਲੋਂ ਦੂਜੇ ਪੜਾਅ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਦੁਲਚੀ ਕੇ ਤੋਂ ਪੌਦੇ ਲਗਾ ਕੇ ਕੀਤੀ ਗਈ। ਜਿਸ ਦੀ ਸ਼ੁਰੂਆਤ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਪੌਦਾ ਲਗਾ ਕੇ ਕੀਤੀ। ਉਪਰੰਤ ਦੁਲਚੀ ਕੇ ਤੋਂ ਫ਼ਿਰੋਜ਼ਪੁਰ ਸ਼ਹਿਰ ਵੱਲ ਜਾਂਦੀ ਸੜਕ ਤੇ ਤਕਰੀਬਨ ਦੋ ਕਿਲੋਮੀਟਰ ਤੱਕ ਛਾਂ ਦਾਰ ਬੂਟੇ ਲਾਏ ਗਏ। ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਕੇ ਜੀ.ਐੱਸ ਫ਼ਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਮੈਂਬਰਾਂ ਨੂੰ ਕਿਤਾਬਾਂ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਫ਼ਾਊਂਡੇਸ਼ਨ ਅਤੇ ਸਟੱਡੀ ਸਰਕਲ ਵਲੋਂ ਫ਼ਿਰੋਜ਼ਪੁਰ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਦੋਵੇਂ ਸੰਸਥਾਵਾਂ ਨਾ ਕੇਵਲ ਰੁੱਖ ਲਾਉਣ ਦੀ ਮੁਹਿੰਮ ਨੂੰ ਜਾਰੀ ਰੱਖਣਗੀਆਂ ਸਗੋਂ ਆਪਣੇ ਅਸੂਲਾਂ ਮੁਤਾਬਿਕ ਇਨ੍ਹਾਂ ਦੀ ਛਾਂ ਦਾਰ ਰੁੱਖ ਬਣਨ ਤੱਕ ਸਾਂਭ ਸੰਭਾਲ ਵੀ ਕਰਨਗੇ। ਇਸ ਵਾਰ ਦੇ ਸਟੇਟ ਐਵਾਰਡੀ ਗੁਰਭੇਜ ਸਿੰਘ ਕੋਹਾਲਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਵਿਚ ਬੋਲਦਿਆਂ ਇੰਦਰਪਾਲ ਸਿੰਘ ਕੁਲਜੀਤ ਸਿੰਘ, ਚੇਅਰਮੈਨ ਦਿਲਬਾਗ ਸਿੰਘ ਨੇ ਮਨੁੱਖੀ ਜ਼ਿੰਦਗੀ ਵਿਚ ਰੁੱਖਾਂ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਮੁੱਖ ਅਧਿਆਪਕਾ ਰਮਿੰਦਰ ਕੌਰ ਨੇ ਦੋਵਾਂ ਸੰਸਥਾਵਾਂ ਅਤੇ ਆਏ ਹੋਏ ਮੋਹਤਬਰ ਵਿਅਕਤੀਆਂ ਦਾ ਧੰਨਵਾਦ ਕੀਤਾ।