ਕੇਵਟ ਨੇ ਰਾਮ ਜੀ ਨੂੰ ਕਰਵਾਈ ਨਦੀ ਪਾਰ, ਸੰਵਾਦ ਸੁਣ ਭਾਵੁਕ ਹੋਏ ਸ਼ਰਧਾਲੂ ਕੇਵਟ ਨੇ ਰਾਮ ਜੀ ਨੂੰ ਕਰਾਈ ਨਦੀ ਪਾਰ, ਸੰਵਾਦ ਸੁਣ ਭਾਵੁਕ ਹੋਏ ਸ਼ਰਧਾਲੂ
Publish Date: Sun, 11 Oct 2026 05:36 PM (IST)
Updated Date: Sun, 11 Oct 2026 05:38 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਰਾਮ ਲੀਲਾ ਕਲੱਬ ਵੱਲੋਂ ਕਲੱਬ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਪ੍ਰਧਾਨਗੀ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ ਸੱਤਵੇਂ ਦਿਨ ਰਾਮ-ਕੇਵਟ ਸੰਵਾਦ ਦਾ ਭਾਵਪੂਰਤ ਮੰਚਨ ਕੀਤਾ ਗਿਆ। ਇਸ ਦੌਰਾਨ ਪ੍ਰਭੂ ਸ੍ਰੀ ਰਾਮ ਪ੍ਰਤੀ ਅਟੁੱਟ ਸ਼ਰਧਾ, ਨਿਮਰਤਾ ਅਤੇ ਸਮਰਪਣ ਦੀ ਅਜਿਹੀ ਅਲੌਕਿਕ ਝਲਕ ਪੇਸ਼ ਕੀਤੀ ਗਈ ਕਿ ਦਰਸ਼ਕ ਭਗਤੀ-ਭਾਵ ਨਾਲ ਨਿਹਾਲ ਹੋ ਗਏ। ਸਮਾਗਮ ਵਿੱਚ ਗੁੱਗਾ ਮੰਦਰ ਕੀਰਤਨ ਮੰਡਲੀ ਦੇ ਮੈਂਬਰਾਂ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਪ੍ਰਧਾਨ ਰਾਜ ਰਾਣੀ, ਉਪ ਪ੍ਰਧਾਨ ਸੁਨੀਤਾ ਸ਼ਰਮਾ, ਵੀਨਾ ਸ਼ਰਮਾ, ਜੋਤੀ ਸ਼ਰਮਾ ਅਤੇ ਕੋਮਲ ਅਰੋੜਾ ਸ਼ਾਮਲ ਸਨ। ਇਸ ਮੌਕੇ ਸ੍ਰੀ ਰਾਮਾਇਣ ਜੀ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਪੰਡਿਤ ਭੁਪਿੰਦਰ ਸ਼ਰਮਾ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ ਅਤੇ ਮੁੱਖ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੰਚਨ ਦੌਰਾਨ ਦਿਖਾਇਆ ਗਿਆ ਕਿ ਬਨਵਾਸ ਸਮੇਂ ਸ੍ਰੀ ਰਾਮ, ਲਕਸ਼ਮਣ ਅਤੇ ਮਾਤਾ ਸੀਤਾ ਦੀ ਮੁਲਾਕਾਤ ਨਿਸ਼ਾਦਰਾਜ ਨਾਲ ਹੁੰਦੀ ਹੈ। ਇਸ ਉਪਰੰਤ ਗੰਗਾ ਕੰਢੇ ਕੇਵਟ ਪ੍ਰਭੂ ਨੂੰ ਕਿਸ਼ਤੀ ਵਿੱਚ ਬਿਠਾਉਣ ਤੋਂ ਪਹਿਲਾਂ ਉਨ੍ਹਾਂ ਦੇ ਚਰਨ ਧੋਣ ਦੀ ਬੇਨਤੀ ਕਰਦਾ ਹੈ। ਉਸ ਦਾ ਵਿਸ਼ਵਾਸ ਸੀ ਕਿ ਪ੍ਰਭੂ ਦੇ ਚਰਨਾਂ ਦੀ ਧੂੜ ਦੇ ਸਪਰਸ਼ ਨਾਲ ਪੱਥਰ ਵੀ ਨਾਰੀ ਬਣ ਗਿਆ ਸੀ, ਕਿਤੇ ਉਸ ਦੀ ਕਿਸ਼ਤੀ ਵੀ ਕੋਈ ਹੋਰ ਰੂਪ ਨਾ ਧਾਰ ਲਵੇ। ਕੇਵਟ ਚਰਨ ਧੋ ਕੇ ਉਸ ਪਵਿੱਤਰ ਜਲ ਨੂੰ ਸ਼ਰਧਾ ਨਾਲ ਗ੍ਰਹਿਣ ਕਰਦਾ ਹੈ ਅਤੇ ਪ੍ਰਭੂ ਨੂੰ ਗੰਗਾ ਪਾਰ ਲੰਘਾਉਂਦਾ ਹੈ। ਬਦਲੇ ਵਿੱਚ ਸ੍ਰੀ ਰਾਮ ਵੱਲੋਂ ਅੰਗੂਠੀ ਦੇਣ ਦੀ ਪੇਸ਼ਕਸ਼ ਕੀਤੇ ਜਾਣ ’ਤੇ ਕੇਵਟ ਨਿਮਰਤਾ ਨਾਲ ਆਖਦਾ ਹੈ ਕਿ ਅੱਜ ਮੈਂ ਤੁਹਾਨੂੰ ਇਸ ਪਾਰ ਤੋਂ ਉਸ ਪਾਰ ਲੰਘਾਇਆ ਹੈ, ਜਦੋਂ ਮੈਂ ਤੁਹਾਡੇ ਧਾਮ ਆਵਾਂ, ਤਾਂ ਮੈਨੂੰ ਭਵਸਾਗਰ ਤੋਂ ਪਾਰ ਲੰਘਾ ਦੇਣਾ। ਕੇਵਟ ਦੇ ਬਚਨਾਂ ਨੇ ਭਗਤੀ ਦੀ ਗਹਿਰਾਈ ਨੂੰ ਸਾਕਾਰ ਕਰ ਦਿੱਤਾ ਅਤੇ ਦਰਸ਼ਕਾਂ ਨੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਸੰਗੀਤ ਨਿਰਦੇਸ਼ਕ ਕੁਲਭੂਸ਼ਣ ਸ਼ਰਮਾ ਅਨੁਸਾਰ ਸ੍ਰੀ ਰਾਮ ਦੀ ਭੂਮਿਕਾ ਅਰੁਣ ਨਾਰੰਗ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਸੀਤਾ ਦੀ ਫਾਰਿਤ ਸਿਡਾਨਾ, ਮਲਾਹ ਦੀ ਅਮਨਦੀਪ, ਪਰਵੱਤੀਆ ਦੀ ਕਨਨ, ਬੱਚਿਆਂ ਦੀਆਂ ਭੂਮਿਕਾਵਾਂ ਮੰਥਨ ਅਤੇ ਗੈਵੀ ਨੇ ਨਿਭਾਈਆਂ, ਜਦਕਿ ਸੁਮੰਤ ਦੀ ਭੂਮਿਕਾ ਨਵੀਨ ਗਰੋਵਰ ਨੇ ਅਦਾ ਕੀਤੀ। ਇਸ ਮੌਕੇ ਜੋਗਿੰਦਰ ਪਾਲ ਕੋਰੀ, ਕ੍ਰਿਸ਼ਨ ਹਾਂਡਾ, ਕੁਲਭੂਸ਼ਣ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।