ਬੀਡੀਪੀਓ ਦਫ਼ਤਰ ਜ਼ੀਰਾ ਵਿਰੁੱਧ ਜਸਵੰਤ ਸਿੰਘ ਨੇ ਖੋਲ੍ਹਿਆ ਮੋਰਚਾ ਬੀ.ਡੀ.ਪੀ.ਓ ਦਫ਼ਤਰ ਜ਼ੀਰਾ ਵਿਰੁੱਧ ਜਸਵੰਤ ਸਿੰਘ ਨੇ ਖੋਲ੍ਹਿਆ ਮੋਰਚਾ
Publish Date: Wed, 28 Oct 2026 06:30 PM (IST)
Updated Date: Wed, 28 Oct 2026 06:31 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਜ਼ੀਰਾ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਪਿੰਡ ਸਨ੍ਹੇਰ ਦੇ ਰਹਿਣ ਵਾਲੇ ਜਸਵੰਤ ਸਿੰਘ ਪੁੱਤਰ ਛਿੰਦਾ ਸਿੰਘ ਨੇ ਦੋਸ਼ ਲਾਇਆ ਹੈ ਕਿ ਆਰ.ਟੀ.ਆਈ ਐਕਟ 2005 ਤਹਿਤ ਸੈਕਟਰੀ ਜਗਪ੍ਰੀਤ ਸਿੰਘ ਜੱਗੀ ਅਤੇ ਪੰਚਾਇਤ ਅਫਸਰ ਵਿਜੇ ਵਿਕਰਾਂਤ ਜ਼ੀਰਾ ਤੋਂ ਵਾਰ-ਵਾਰ ਮੰਗੀ ਗਈ ਜਾਣਕਾਰੀ ਦੇਣ ਤੋਂ ਦਫ਼ਤਰ ਵੱਲੋਂ ਆਨਾ-ਕਾਨੀ ਕੀਤੀ ਜਾ ਰਹੀ ਹੈ।ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ੀਰਾ ਦੇ ਦਫ਼ਤਰ ਵਿਖੇ ਸੂਚਨਾ ਦਾ ਅਧਿਕਾਰ ਐਕਟ 2005 ਦੀ ਧਾਰਾ 6(1) ਅਧੀਨ ਅਰਜ਼ੀ ਦਿੱਤੀ ਗਈ ਸੀ।ਇਸ ਅਰਜ਼ੀ ਵਿੱਚ ਗ੍ਰਾਮ ਪੰਚਾਇਤ ਸਨ੍ਹੇਰ ਦੀ ਪੰਚਾਇਤੀ ਜ਼ਮੀਨ ਅਤੇ ਐੱਸ.ਸੀ ਕੋਟੇ ਦੀ ਜ਼ਮੀਨ ਦੀ ਹੋਈ ਬੋਲੀ ਦੇ ਰਿਕਾਰਡ ਦੀ ਤਸਦੀਕਸ਼ੁਦਾ ਕਾਪੀ, ਮਤੇ, ਪਟੇਦਾਰਾਂ ਦੇ ਨਾਮ, ਪਟਾਨਾਮਾ ਰਜਿਸਟਰ, ਬੋਲੀ ਦੀ ਰਕਮ ਵਾਲੇ ਬੈਂਕ ਖਾਤੇ ਦੀ ਸਟੇਟਮੈਂਟ ਅਤੇ ਬਾਗ ਵਾਲੀ 14 ਕਨਾਲ ਪੰਚਾਇਤੀ ਜ਼ਮੀਨ ਸਮੇਤ ਭੱਠੇ ਵਾਲੀ ਜ਼ਮੀਨ ਦੀ ਨਿਲਾਮੀ ਸਬੰਧੀ ਪੂਰੀ ਜਾਣਕਾਰੀ ਮੰਗੀ ਗਈ ਸੀ।ਉਨ੍ਹਾਂ ਦੱਸਿਆ ਕਿ ਨਿਰਧਾਰਿਤ ਪੋਸਟਲ ਆਰਡਰ ਰਾਹੀਂ ਫੀਸ ਜਮ੍ਹਾਂ ਕਰਵਾਉਣ ਅਤੇ ਵਾਰ-ਵਾਰ ਲਿਖਤੀ ਮੰਗ ਕਰਨ ਦੇ ਬਾਵਜੂਦ ਵੀ ਬੀ.ਡੀ.ਪੀ.ਓ ਦਫ਼ਤਰ ਜ਼ੀਰਾ ਵੱਲੋਂ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ ਅਤੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜਸਵੰਤ ਸਿੰਘ ਨੇ ਦਫ਼ਤਰੀ ਅਣਗਹਿਲੀ ਦੇ ਖ਼ਿਲਾਫ਼ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਨੇ ਈਮੇਲ ਰਾਹੀਂ ਬੀ.ਡੀ.ਪੀ.ਓ ਜ਼ੀਰਾ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਫਿਰੋਜ਼ਪੁਰ ਨੂੰ ਸ਼ਿਕਾਇਤਾਂ ਭੇਜ ਕੇ ਤੁਰੰਤ ਸੂਚਨਾ ਦੇਣ ਦੀ ਮੰਗ ਕੀਤੀ ਹੈ। ਜਸਵੰਤ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦ ਹੀ ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪੂਰੀ ਜਾਣਕਾਰੀ ਨਾ ਦਿੱਤੀ ਗਈ ਤਾਂ ਉਹ ਇਸ ਮਾਮਲੇ ਨੂੰ ਰਾਜ ਸੂਚਨਾ ਕਮਿਸ਼ਨਰ ਕੋਲ ਲੈ ਕੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਦਫ਼ਤਰ ਦੀ ਹੋਵੇਗੀ। ਇਸ ਸਬੰਧੀ ਜਦ ਬੀਡੀਪੀਓ ਜੀਰਾ ਵਿਜੇ ਵਿਕਰਾਂਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬੀਡੀਪੀਓ ਦੇ ਅਹੁਦੇ ਤੇ ਨਵ ਨਿਯੁਕਤ ਹਨ। ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਮਹਿਕਮੇ ਵੱਲੋਂ ਕੋਈ ਚਿੱਠੀ ਪ੍ਰਾਪਤ ਹੋਈ ਹੈ, ਫਿਰ ਵੀ ਉਹ ਮਾਮਲੇ ਦੀ ਜਾਂਚ ਜਰੂਰ ਕਰਨਗੇ। ਇਸ ਸਬੰਧੀ ਜਦ ਪੰਚਾਇਤ ਸੈਕਟਰੀ ਜਗਪ੍ਰੀਤ ਸਿੰਘ ਜੱਗੀ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਿਕਮੇ ਵੱਲੋਂ ਜਸਵੰਤ ਸਿੰਘ ਨੂੰ ਆਰ. ਟੀ .ਆਈ ਦੀ ਜਾਣਕਾਰੀ ਦੇਣ ਸਬੰਧੀ ਕੋਈ ਵੀ ਚਿੱਠੀ ਪ੍ਰਾਪਤ ਨਹੀਂ ਹੋਈ ।