ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਜਸਦੀਪ ਸਿੰਘ ਕੰਬੋਜ ਦੀ ਸ਼ਾਨਦਾਰ ਜਿੱਤ, ਛੇਵੀਂ ਵਾਰ ਬਣੇ ਪ੍ਰਧਾਨ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਜਸਦੀਪ ਸਿੰਘ ਕੰਬੋਜ ਦੀ ਸ਼ਾਨਦਾਰ ਜਿੱਤ, ਛੇਵੀਂ ਵਾਰ ਬਣੇ ਪ੍ਰਧਾਨ
Publish Date: Fri, 11 Sep 2026 06:27 PM (IST)
Updated Date: Fri, 11 Sep 2026 06:29 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿਚ ਵਕੀਲਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈਂਦਿਆਂ ਆਗੂ ਜਸਦੀਪ ਸਿੰਘ ਕੰਬੋਜ਼ ਵਿਚ ਇਕ ਵਾਰ ਫਿਰ ਭਰੋਸਾ ਪ੍ਰਗਟਾਇਆ ਹੈ। ਕੰਬੋਜ਼ ਨੇ ਆਪਣੀ ਵਿਰੋਧੀ ਉਮੀਦਵਾਰ ਲਲਿਤਾ ਭਾਰਦਵਾਜ ਨੂੰ ਵੱਡੇ ਫਰਕ ਨਾਲ ਪਛਾੜ ਕੇ 6ਵੀਂ ਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਕੰਪਲੈਕਸ ਵਿਚ ਵਕੀਲਾਂ ਅਤੇ ਸਮਰਥਕਾਂ ਦੁਆਰਾ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਵਿਚ ਕੁੱਲ 671 ਵੋਟਰ ਸਨ, ਜਿਨ੍ਹਾਂ ਵਿੱਚੋਂ 573 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦੋਂ ਕਿ 5 ਵੋਟਾਂ ਖਾਰਜ ਕਰ ਦਿੱਤੀਆਂ ਗਈਆਂ। ਵੋਟਾਂ ਦੀ ਗਿਣਤੀ ਦੌਰਾਨ ਪ੍ਰਧਾਨ ਅਹੁਦੇ ਦੇ ਉਮੀਦਵਾਰ ਜਸਦੀਪ ਸਿੰਘ ਕੰਬੋਜ਼ ਨੂੰ 486 ਵੋਟਾਂ ਪ੍ਰਾਪਤ ਹੋਈਆਂ, ਜਦਕਿ ਲਲਿਤਾ ਭਾਰਦਵਾਜ ਨੂੰ ਸਿਰਫ਼ 82 ਵੋਟਾਂ ਹੀ ਮਿਲ ਸਕੀਆਂ। ਇਸ ਤਰ੍ਹਾਂ ਕੰਬੋਜ ਨੇ 404 ਵੋਟਾਂ ਦੇ ਵਿਸ਼ਾਲ ਫਰਕ ਨਾਲ ਇੱਕ ਇਤਿਹਾਸਕ ਜਿੱਤ ਦਰਜ ਕੀਤੀ। ਛੇਵੀਂ ਵਾਰ ਪ੍ਰਧਾਨ ਚੁਣੇ ਜਾਣਾ ਉਨ੍ਹਾਂ ਦੇ ਲੰਬੇ ਤਜਰਬੇ ਅਤੇ ਵਕੀਲ ਭਾਈਚਾਰੇ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਨੂੰ ਸਾਫ਼ ਬਿਆਨ ਕਰਦਾ ਹੈ। ਨਤੀਜਿਆਂ ਦੇ ਐਲਾਨ ਤੋਂ ਤੁਰੰਤ ਬਾਅਦ ਸਮਰਥਕਾਂ ਨੇ ਜਸਦੀਪ ਸਿੰਘ ਕੰਬੋਜ਼ ਨੂੰ ਫੁੱਲਾਂ ਦੇ ਹਾਰ ਪਹਿਨਾਏ ਅਤੇ ਮਿਠਾਈਆਂ ਵੰਡ ਕੇ ਜਸ਼ਨ ਮਨਾਇਆ। ਆਪਣੀ ਜਿੱਤ ’ਤੇ ਧੰਨਵਾਦ ਪ੍ਰਗਟ ਕਰਦਿਆਂ ਕੰਬੋਜ਼ ਨੇ ਕਿਹਾ ਕਿ ਜਿਸ ਉਮੀਦ ਨਾਲ ਸਾਥੀਆਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ’ਤੇ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਖਰੇ ਉਤਰਨਗੇ। ਉਨ੍ਹਾਂ ਵਕੀਲਾਂ ਦੇ ਹਿੱਤਾਂ ਨੂੰ ਪਹਿਲ ਦੇਣ ਅਤੇ ਬਾਰ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਦਾ ਵਿਸ਼ਵਾਸ ਦਿਵਾਇਆ।ਇਸ ਚੋਣ ਵਿਚ ਹੋਰਨਾਂ ਅਹੁਦਿਆਂ ਤੇ ਦਮਨਪ੍ਰੀਤ ਕੌਰ ਅਤੇ ਸੰਦੀਪ ਬਜਾਜ ਨੇ ਮੀਤ ਪ੍ਰਧਾਨ, ਗੁਰਸਿਮਰਨ ਢਿੱਲੋਂ ਨੇ ਸਕੱਤਰ ਅਤੇ ਅਮਨਦੀਪ ਕੌਰ ਨੇ ਸੰਯੁਕਤ ਸਕੱਤਰ (ਜੁਆਇੰਟ ਸੈਕਟਰੀ) ਵਜੋਂ ਜਿੱਤ ਹਾਸਲ ਕੀਤੀ। ਇਸ ਮੌਕੇ ਲਵਜੀਤ ਸਿੰਘ ਟੁਰਨਾ, ਸੁਰਿੰਦਰ ਸਿੰਘ, ਹਰੀ ਚੰਦ ਕੰਬੋਜ, ਅਸ਼ਵਿੰਦਰ ਬੱਟਾ, ਸੁਰਿੰਦਰ ਸਿੰਘ ਜੋਸਨ, ਦਲਜੀਤ ਸਿੰਘ ਸੰਧੂ, ਬਸੰਤ ਲਾਲ ਮਲਹੋਤਰਾ, ਅਸ਼ਵਨੀ ਕੁਮਾਰ ਢੀਂਗਰਾ, ਸਤਨਾਮ ਪਾਲ ਕੰਬੋਜ਼, ਕਰਮਜੀਤ ਸਿੰਘ ਜੋਸਨ, ਪੰਡਿਤ ਅਸ਼ਵਨੀ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਵਕੀਲ ਅਤੇ ਪਤਵੰਤੇ ਸੱਜਣ ਮੌਜ਼ੂਦ ਸਨ। ਸਮਰਥਕਾਂ ਨੇ ਆਸ ਪ੍ਰਗਟਾਈ ਕਿ ਕੰਬੋਜ਼ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਹੋਰ ਮਜ਼ਬੂਤ ਹੋਵੇਗੀ।