ਇਸਤਰੀ ਅਕਾਲੀ ਦਲ ਨੇ ਗੁਰੂਹਰਸਹਾਏ 'ਚ ਨਸ਼ਿਆਂ ਖ਼ਿਲਾਫ਼ ਕੱਢ੍ਹੀ ਵਿਸ਼ਾਲ ਰੈਲੀ ਇਸਤਰੀ ਅਕਾਲੀ ਦਲ ਨੇ ਗੁਰੂਹਰਸਹਾਏ 'ਚ ਨਸ਼ਿਆਂ ਖ਼ਿਲਾਫ਼ ਕੱਢ੍ਹੀ ਵਿਸ਼ਾਲ ਰੈਲੀ
Publish Date: Mon, 05 Oct 2026 07:32 PM (IST)
Updated Date: Mon, 05 Oct 2026 07:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ/ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ ਮੁਹਿੰਮ ਤਹਿਤ ਗੁਰੂਹਰਸਹਾਏ ਦੇ ਚੰਦਨ ਪੈਲੇਸ ਵਿਖੇ ਔਰਤਾਂ ਦੀ ਇੱਕ ਵਿਸ਼ਾਲ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਉਚੇਚੇ ਤੌਰ ’ਤੇ ਸ਼ਿਰਕੱਤ ਕਰਦਿਆਂ ਮਹਿਲਾਵਾਂ ਨੂੰ ਨਸ਼ਿਆਂ ਖਿਲਾਫ ਲਾਮਬੱਧ ਹੋਣ ਦਾ ਸੱਦਾ ਦਿੱਤਾ। ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਕਰਵਾਈ ਇਸ ਰੈਲੀ ਵਿੱਚ ਔਰਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਸਦ ਹਰਸਿਮਤਰ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਔਰਤਾਂ ਦੀ ਇੱਕ ਮਜ਼ਬੂਤ ਫ਼ੌਜ ਖੜ੍ਹੀ ਕਰਨੀ ਪਵੇਗੀ, ਜੋ ਦ੍ਰਿੜਤਾ ਅਤੇ ਸਿਆਣਪ ਨਾਲ ਇਸ ਜੰਗ ਨੂੰ ਲੜ ਕੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰ ਸਕੇ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਚੋਣਾਂ ਸਮੇਂ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਦੀ ਗਾਰੰਟੀ ਦਿੱਤੀ ਗਈ ਸੀ, ਪਰ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਾਂਗਰਸ ਅਤੇ ਆਪ ਦੀ ਸਖ਼ਤ ਆਲੋਚਨਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤਾਂ ਜੋ ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਤੇ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।ਰੈਲੀ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਅਤੇ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਹਜ਼ਾਰਾਂ ਔਰਤਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਐੱਸ.ਡੀ.ਐੱਮ. ਦਫ਼ਤਰ ਗੁਰੂਹਰਸਹਾਏ ਵਿਖੇ ਮੰਗ ਪੱਤਰ ਦਿੱਤਾ।ਇਸ ਮੌਕੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਗੁਰੂਹਰਸਹਾਏ ਦੇ ਪਿੰਡਾਂ ਵਿੱਚ ਨਸ਼ਾ ਬਹੁਤ ਵੱਧ ਹੋ ਚੁੱਕਾ ਹੈ, ਜਿਸ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਰੈਲੀ ਨੂੰ ਸੰਬੋਧਨ ਕਰਨ ਵਾਲੀਆਂ ਅਕਾਲੀ ਆਗੂ ਮਹਿਲਾਵਾਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਅਸਲ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਨਸ਼ਾ ਪੀਣ ਵਾਲੇ ਮਜਬੂਰ ਲੋਕਾਂ ਤੇ ਪਰਚੇ ਦਰਜ ਕਰ ਰਿਹਾ ਹੈ। ਇਸ ਸਮੇਂ ਨਸ਼ਾ ਪੀੜਤ ਨੌਜਵਾਨਾਂ ਦੀਆਂ ਮਾਵਾਂ-ਭੈਣਾਂ ਨੇ ਬੀਬਾ ਬਾਦਲ ਕੋਲ ਆਪਣੇ ਦੁੱਖੜੇ ਵੀ ਰੋਏ।ਸਮਾਗਮ ਦੌਰਾਨ ਮਾਨ ਪਰਿਵਾਰ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਰਦੇਵ ਸਿੰਘ ਬੋਬੀ ਮਾਨ ,ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਮੈਂਬਰ, ਐਸਜੀਪੀਸੀ ਕਸ਼ਮੀਰ ਕੌਰ, ਮਨਪ੍ਰੀਤ ਕੌਰ ਮਹਿਮਾ, ਗੁਰੂ ਹਰ ਸਹਾਏ ਬਲਾਕ ਤੋਂ ਇਸਤਰੀ ਵਿੰਗ ਦੇ ਪ੍ਰਧਾਨ ਰਾਜਬੀਰ ਕੌਰ ,ਹਰਪਾਲ ਸਿੰਘ ਬੇਦੀ, ਰਵੀ ਕੰਬੋਜ ਕੌਂਸਲਰ, ਜਸਪਾਲ ਸਿੰਘ ਲੱਖੋ ਕੇ, ਗੁਰਬਖਸ਼ ਸਿੰਘ, ਨਰਿੰਦਰ ਕੌਰ ਮਾਨ, ਹਰਪਿੰਦਰ ਸਿੰਘ ਮਾਨ, ਸੁਖਚੈਨ ਸਿੰਘ ਸੇਖੋ ਗੁਰਬਾਜ ਸਿੰਘ ਦੁਸਾਂਝ, ਗੁਰਸੇਵਕ ਸਿੰਘ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਬਲਾਕ ਮੈਂਬਰ, ਨੀਰਜ ਸਹਿਗਲ, ਗੁਰਵਿੰਦਰ ਸਿੰਘ ਚੁੱਘਾ,ਹੈਪੀ ਭੰਡਾਰੀ, ਹੈਪੀ ਬਰਾੜ, ਪ੍ਰੀਤਮ ਸਿੰਘ ਬਾਠ, ਲਖਵਿੰਦਰ ਸਿੰਘ ਮਹਿਮਾ, ਸੂਖਚੈਨ ਸਿੰਘ ਤੱਲੇਵਾਲਾ, ਸੋਨੂ ਰੱਤੇਵਾਲਾ, ਜਸਵਿੰਦਰ ਸਿੰਘ ਬਾਘੂਵਾਲਾ, ਗੌਰਵ ਸਚਦੇਵਾ, ਮੋਨੂ ਸ਼ਰਮਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।