'ਆਈਪੀਸੀ 326 ਐਟ ਮਿਡਨਾਈਟ' ਮਾਮਲਾ ਠੰਢੇ ਬਸਤੇ 'ਚ 'ਆਈਪੀਸੀ 326 ਐਟ ਮਿਡਨਾਈਟ' ਮਾਮਲਾ ਠੰਢੇ ਬਸਤੇ 'ਚ !
Publish Date: Sat, 11 Jul 2026 07:46 PM (IST)
Updated Date: Sat, 11 Jul 2026 07:48 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਮਮਦੋਟ (ਫਿਰੋਜ਼ਪੁਰ) ਸਿਵਲ ਹਸਪਤਾਲ ਮਮਦੋਟ ਵਿੱਚ ਅੱਧੀ ਰਾਤ ਨੂੰ ਕਥਿਤ ਤੌਰ ਤੇ ਐਕਸਰੇ ਵਿਭਾਗ ਖੋਲ੍ਹ ਕੇ ਜਾਅਲੀ ਸੱਟਾਂ ਦੀ ਰਿਪੋਰਟ ਤਿਆਰ ਕਰਨ ਦੇ ਦੋਸ਼ਾਂ ਵਾਲਾ ਚਰਚਿਤ ਆਈਪੀਸੀ 326 ਐਟ ਮਿਡਨਾਈਟ ਮਾਮਲਾ ਤੀਜੇ ਦਿਨ ਵੀ ਸਿਰਫ਼ ਬਿਆਨਾਂ ਤੱਕ ਹੀ ਸੀਮਤ ਨਜ਼ਰ ਆ ਰਿਹਾ ਹੈ। ਸਿਵਲ ਸਰਜਨ ਵੱਲੋਂ ਵਿਭਾਗੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਨਾ ਤਾਂ ਜਾਂਚ ਸ਼ੁਰੂ ਹੋ ਸਕੀ ਹੈ ਅਤੇ ਨਾ ਹੀ ਪੁਲਿਸ ਵੱਲੋਂ ਕੋਈ ਕੇਸ ਹੀ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਪਿੰਡ ਚਪਾਤੀ ਵਿੱਚ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਨੂੰ ਕਾਨੂੰਨੀ ਲਾਭ ਪਹੁੰਚਾਉਣ ਲਈ ਰਾਤ ਕਰੀਬ ਇੱਕ ਵਜੇ ਹਸਪਤਾਲ ਦਾ ਐਕਸਰੇ ਵਿਭਾਗ ਖੋਲ੍ਹਿਆ ਗਿਆ ਅਤੇ ਕਥਿਤ ਤੌਰ ਤੇ ਗੰਭੀਰ ਸੱਟਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤਕਰਤਾ ਧਿਰ ਦਾ ਦਾਅਵਾ ਹੈ ਕਿ ਜਾਣਕਾਰੀ ਮਿਲਣ ਤੇ ਉਹ ਹਸਪਤਾਲ ਪਹੁੰਚੇ, ਜਿੱਥੇ ਰੇਡੀਓਗ੍ਰਾਫਰ ਨੂੰ ਘੇਰ ਲਿਆ ਗਿਆ, ਜਦਕਿ ਹੋਰ ਕੁਝ ਵਿਅਕਤੀ ਮੌਕੇ ਤੋਂ ਚਲੇ ਗਏ। ਇਸ ਸਬੰਧੀ ਬਣੀਆਂ ਵੀਡੀਓਜ਼ ਵੀ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ।ਦੂਜੇ ਪਾਸੇ, ਦੂਜੀ ਧਿਰ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਰਹੀ ਹੈ ਅਤੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦੇ ਰਹੀ ਹੈ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਜਿਸ ਕਾਰਨ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਦੀ ਮੰਗ ਹੋਰ ਤੇਜ਼ ਹੋ ਗਈ ਹੈ। ਉਧਰ ਫਿਰੋਜ਼ਪੁਰ ਦੀ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗੜਾ ਤੋਂ ਪੁੱਛੇ ਜਾਣ ’ਤੇ ਭਾਵੇਂ ਉਹ ਕਹਿ ਚੁੱਕੇ ਹਨ ਕਿ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਮੁਲਾਜ਼ਮ ਨਿਯਮਾਂ ਦੀ ਉਲੰਘਣਾ ਜਾਂ ਗੜਬੜ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਤਿੰਨ ਦਿਨ ਬਾਅਦ ਵੀ ਜਾਂਚ ਸ਼ੁਰੂ ਨਾ ਹੋਣ ਕਾਰਨ ਸਿਹਤ ਵਿਭਾਗ ਦੀ ਨੀਅਤ ’ਤੇ ਹੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਐੱਸਐੱਮਓ ਸ਼ਿਕਾਇਤ ਦੇਵੇ ਤਾਂ ਹੋਵੇਗੀ ਕਾਰਵਾਈ : ਐੱਸਐੱਚਓ ਹਰਕੀਰਤ ਸਿੰਘ ਉੱਧਰ, ਇਸ ਸਬੰਧੀ ਪੁੱਛੇ ਜਾਣ ’ਤੇ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਆਖਿਆ ਕਿ ਦੋਵੇਂ ਧਿਰਾਂ ਇਕ ਦੂਜੇ ’ਤੇ ਦੋਸ਼ ਲਾ ਰਹੀਆਂ ਹਨ । ਪੁਲਿਸ ਨੂੰ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਦੇ ਐੱਸਐੱਮਓ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਐੱਸਐੱਮਓ ਦੀ ਸ਼ਿਕਾਇਤ ਮਿਲੇਗੀ ਜਾਂ ਕੋਈ ਕਾਨੂੰਨੀ ਉਲੰਘਣਾ ਸਾਹਮਣੇ ਆਵੇਗੀ, ਉਸ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹ