ਜ਼ੀਰਾ ਅਕਾਲੀ ਦਲ ’ਚ ਅੰਦਰੂਨੀ ਕਲੇਸ਼ ਨੇ ਫੜਿਆ ਜ਼ੋਰ, ਨਾਰਾਜ਼ ਟਕਸਾਲੀ ਵਰਕਰਾਂ ਨੂੰ ਮਨਾਉਣ ਪੁੱਜੇ ਨੋਨੀ ਮਾਨ ਤੇ ਬੱਬੂ ਜ਼ੀਰਾ ਅਕਾਲੀ ਦਲ ’ਚ ਅੰਦਰੂਨੀ ਕਲੇਸ਼ ਨੇ ਫੜਿਆ ਜ਼ੋਰ, ਨਾਰਾਜ਼ ਟਕਸਾਲੀ ਵਰਕਰਾਂ ਨੂੰ ਮਨਾਉਣ ਪੁੱਜੇ ਨੋਨੀ ਮਾਨ ਤੇ ਬੱਬੂ
Publish Date: Thu, 29 Oct 2026 06:32 PM (IST)
Updated Date: Fri, 30 Oct 2026 04:02 AM (IST)
ਹਲਕਾ ਇੰਚਾਰਜ਼ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਵਰਕਰਾਂ ਨੇ ਆਬਜ਼ਰਵਰਾਂ ਸਾਹਮਣੇ ਰੱਖੇ ਗਿਲੇ-ਸ਼ਿਕਵੇ; ਸੁਖਬੀਰ ਸਿੰਘ ਬਾਦਲ ਨਾਲ ਬੈਠਕ ਕਰਵਾਉਣ ਦਾ ਭਰੋਸਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੰਦਰ ਉੱਭਰ ਰਹੀ ਵਰਕਰਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਪਾਰਟੀ ਹਾਈਕਮਾਂਡ ਨੇ ਸਰਗਰਮੀ ਦਿਖਾਈ ਹੈ। ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਦੱਸੇ ਜਾ ਰਹੇ ਟਕਸਾਲੀ ਅਕਾਲੀ ਵਰਕਰਾਂ ਨਾਲ ਗੱਲਬਾਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ’ਤੇ ਸੀਨੀਅਰ ਆਗੂ ਵਰਦੇਵ ਸਿੰਘ ‘ਨੋਨੀ’ ਮਾਨ ਅਤੇ ਯੂਥ ਵਿੰਗ ਦੇ ਆਗੂ ਸੁਰਿੰਦਰ ਸਿੰਘ ਬੱਬੂ ਵਿਸ਼ੇਸ਼ ਆਬਜ਼ਰਵਰ ਵਜੋਂ ਸਨਰਾਈਜ਼ ਪੈਲੇਸ, ਜ਼ੀਰਾ ਵਿਖੇ ਪੁੱਜੇ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ਆਪਣੀ ਨਾਰਾਜ਼ਗੀ ਅਤੇ ਜਥੇਬੰਦਕ ਮਸਲੇ ਖੁੱਲ੍ਹ ਕੇ ਸਾਹਮਣੇ ਰੱਖੇ। ਬੈਠਕ ਦੌਰਾਨ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਪੁਰਾਣੇ ਅਤੇ ਟਕਸਾਲੀ ਵਰਕਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਉਨ੍ਹਾਂ ਅਨੁਸਾਰ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਲਗਾਤਾਰ ਕੰਮ ਕਰਨ ਵਾਲੇ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਜਥੇਬੰਦੀ ਵਿੱਚ ਵਿਤਕਰੇਬਾਜ਼ੀ ਤੇ ਚਾਪਲੂਸੀ ਨੂੰ ਤਰਜੀਹ ਮਿਲਣ ਕਾਰਨ ਪੁਰਾਣੇ ਆਗੂਆਂ ਵਿੱਚ ਰੋਸ ਵਧ ਰਿਹਾ ਹੈ। ਵਰਕਰਾਂ ਨੇ ਆਬਜ਼ਰਵਰਾਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦਿਆਂ ਇਨ੍ਹਾਂ ਦਾ ਢੁੱਕਵਾਂ ਹੱਲ ਕੱਢਣ ਦੀ ਮੰਗ ਕੀਤੀ।ਨਾਰਾਜ਼ ਵਰਕਰਾਂ ਦੀ ਗੱਲ ਸੁਣਨ ਮਗਰੋਂ ਵਰਦੇਵ ਸਿੰਘ ਨੋਨੀ ਮਾਨ ਅਤੇ ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਸਿਆਸੀ ਪਾਰਟੀ ਨਹੀਂ, ਸਗੋਂ ਇੱਕ ਪਰਿਵਾਰ ਹੈ। ਪਰਿਵਾਰ ਵਿੱਚ ਗਿਲੇ-ਸ਼ਿਕਵੇ ਹੋਣਾ ਸੁਭਾਵਿਕ ਹੈ, ਪਰ ਆਪਸੀ ਗੱਲਬਾਤ ਰਾਹੀਂ ਇਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਰਕਰਾਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਲਿਖਤੀ ਰੂਪ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਾਇਆ ਜਾਵੇਗਾ ਤੇ ਨਾਰਾਜ਼ ਵਰਕਰਾਂ ਦੀ ਹਾਈਕਮਾਂਡ ਨਾਲ ਸਿੱਧੀ ਬੈਠਕ ਕਰਵਾਉਣ ਦੇ ਯਤਨ ਕੀਤੇ ਜਾਣਗੇ, ਤਾਂ ਜੋ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਪੰਜਾਬ ਦੀ ਮੌਜੂਦਾ ਅਤੇ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿਕਾਸ ਦੇ ਮਾਮਲੇ ਵਿੱਚ ਪਿੱਛੇ ਰਹਿ ਗਿਆ ਹੈ ਅਤੇ ਸੱਤਾਧਾਰੀ ਧਿਰਾਂ ਦੇ ਸਮੇਂ ਅਕਾਲੀ ਵਰਕਰਾਂ ਨੂੰ ਕਥਿਤ ਤੌਰ ’ਤੇ ਝੂਠੇ ਮੁਕੱਦਮਿਆਂ ਤੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਅਤੇ ਨਵੇਂ ਸਿਆਸੀ ਤਜਰਬਿਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪੀਏਸੀ ਮੈਂਬਰ ਨਿਰਵੈਰ ਸਿੰਘ ਉੱਪਲ ਨੇ ਨਿਭਾਈ। ਇਸ ਮੌਕੇ ਨਵੀਨ ਚੋਪੜਾ ਅਕਾਲੀ ਆਗੂ, ਪ੍ਰਿੰਸ ਮੌਂਗਾ, ਨਵਲ ਚੋਪੜਾ, ਪ੍ਰਿੰਸੀਪਲ ਸਤੀਸ਼ ਕਾਲਾ, ਕੁਲਦੀਪ ਸਿੰਘ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਸ਼ੀਰਾ ਸਾਬਕਾ ਚੇਅਰਮੈਨ, ਜਤਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਦਿਲਮੋਹਨ ਭੁੱਲਰ ਕਮਾਲਗੜ੍ਹ ਨੰਬਰਦਾਰ, ਜਗਤਾਰ ਸਿੰਘ ਮਨੇਸ਼ ਨੰਬਰਦਾਰ ਝੰਡਾ ਬੱਗਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ, ਸ਼ਿੰਗਾਰ ਸਿੰਘ ਬੰਬ ਸਾਬਕਾ ਬਲਾਕ ਸੰਮਤੀ ਮੈਂਬਰ, ਹਰਜਿੰਦਰ ਦੋਨੀ ਗਿੱਲ, ਨਿਹਾਲ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਮੱਖੂ, ਰਣਜੀਤ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਰਮਿੰਦਰ ਸਿੰਘ ਬਿੱਟਾ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਮੀਤ ਸਿੰਘ ਸਾਬਕਾ ਸਰਪੰਚ, ਸਿਮਰਜੀਤ ਸਿੰਘ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਅਮੀਰ ਸਿੰਘ ਬੱਬਣ ਸਾਬਕਾ ਸਰਪੰਚ, ਸੁਖਚੈਨ ਸਿੰਘ ਕੋਹਾਲਾ, ਲਾਡੀ ਸਰਪੰਚ ਨੂਰਪੁਰ, ਰਮਿੰਦਰ ਸਿੰਘ ਬਿੱਟਾ, ਗੁਰਚਰਨ ਸਿੰਘ ਸਾਬਕਾ ਸਰਪੰਚ, ਦੀਦਾਰ ਸਿੰਘ ਸਾਬਕਾ ਸਰਪੰਚ ਬੁੱਲੇ, ਸੁੱਖਾ ਸਿੰਘ ਸਾਬਕਾ ਸਰਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ।