ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰੇਰਣਾਦਾਇਕ ਸੈਮੀਨਾਰ ‘ਮੈਂਟਰਿੰਗ ਬਾਏ ਐਮੀਨੈਂਟ ਐਕਸਪਰਟ’ ਗਰਾਂਟ ਤਹਿਤ ਪੀ.ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਪ੍ਰੇਰਨਾਦਾਇਕ ਸੈਮੀਨਾਰ
Publish Date: Thu, 01 Oct 2026 08:10 PM (IST)
Updated Date: Fri, 02 Oct 2026 04:11 AM (IST)
-ਵਿਦਿਆਰਥੀਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਅਤੇ ਸਾਹਿਤਕ ਰੁਚੀ ਵਿਕਸਿਤ ਕਰਨ ਲਈ ਕੀਤਾ ਪ੍ਰੇਰਿਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੀ.ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਪ੍ਰਿੰਸੀਪਲ ਪ੍ਰਗਟ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ‘ਮੈਂਟਰਿੰਗ ਬਾਏ ਐਮੀਨੈਂਟ ਐਕਸਪਰਟ’ ਗਰਾਂਟ ਤਹਿਤ ਵਿਸ਼ੇਸ਼ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸਾਹਿਤ ਜਗਤ ਦੇ ਉੱਘੇ ਲੇਖਕ, ਸੁਲਝੇ ਹੋਏ ਕਵੀ ਅਤੇ ਸੰਪਾਦਕ ਹਰਮੀਤ ਵਿਦਿਆਰਥੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕਰਦਿਆਂ ਚੰਗੀਆਂ ਕਿਤਾਬਾਂ ਪੜ੍ਹਨ, ਨਿਰੰਤਰ ਗਿਆਨ ਹਾਸਲ ਕਰਨ ਅਤੇ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਹਰਮੀਤ ਨੇ ਕਿਹਾ ਕਿ ‘ਚੰਗੀਆਂ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਸੱਚੀਆਂ ਮਿੱਤਰ ਹੁੰਦੀਆਂ ਹਨ, ਜੋ ਨਾ ਕੇਵਲ ਗਿਆਨ ਦਾ ਚਾਨਣ ਵੰਡਦੀਆਂ ਹਨ, ਬਲਕਿ ਬੌਧਿਕ ਵਿਕਾਸ ਅਤੇ ਉੱਚੇ-ਸੁੱਚੇ ਇਖ਼ਲਾਕ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਪੜ੍ਹਨ ਦੀ ਆਦਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਚੰਗੀ ਸਾਹਿਤਕ ਰੁਚੀ ਵਿਕਸਿਤ ਕਰਨ ਦੀ ਅਪੀਲ ਕੀਤੀ। ਸੈਮੀਨਾਰ ਦੌਰਾਨ ਸਕੂਲ ਦੇ ਲਗਭਗ 100 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਮੁੱਖ ਮਹਿਮਾਨ ਦੇ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਗਟ ਸਿੰਘ ਬਰਾੜ ਨੇ ਮੁੱਖ ਮਹਿਮਾਨ ਹਰਮੀਤ ਵਿਦਿਆਰਥੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੇਰਨਾਦਾਇਕ ਸਮਾਗਮ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿਚ ਵੀ ਸਹਾਈ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੀ ਸਫਲਤਾ ਵਿਚ ਸਕੂਲ ਦੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਵੇਤਾ ਪਰੂਥੀ, ਸੰਦੀਪ ਬੱਬਰ, ਸੁਰਿੰਦਰ ਕੌਰ, ਗੌਰਵ ਸ਼ਰਮਾ, ਸੀਮਾ ਰਾਣੀ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।