ਸੀਆਈਏ ਸਟਾਫ਼ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਸਿੱਧੂ ਦਾ ਦੇਹਾਂਤ, ਪੁਲਿਸ ਮਹਿਕਮੇ 'ਚ ਸੋਗ ਦੀ ਲਹਿਰ
ਇੰਸਪੈਕਟਰ ਗੁਰਮੀਤ ਸਿੰਘ ਸਿੱਧੂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਕਰੀਬੀਆਂ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਹੋਈ ਸੀ
Publish Date: Tue, 20 Oct 2026 02:27 PM (IST)
Updated Date: Tue, 20 Oct 2026 02:32 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੀ.ਆਈ.ਏ. ਸਟਾਫ਼ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਸਿੱਧੂ ਦਾ ਬੀਤੀ ਰਾਤ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਾਥੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਗੁਰਮੀਤ ਸਿੰਘ ਸਿੱਧੂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਕਰੀਬੀਆਂ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਸਿਹਤ ਵਿੱਚ ਸੁਧਾਰ ਹੋਣ ਅਤੇ ਜਲਦੀ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਜਤਾਈ ਸੀ। ਹਾਲਾਂਕਿ, ਬੀਤੀ ਰਾਤ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ।
ਇੰਸਪੈਕਟਰ ਗੁਰਮੀਤ ਸਿੰਘ ਸਿੱਧੂ ਨੂੰ ਪੁਲਿਸ ਵਿਭਾਗ ਵਿੱਚ ਇੱਕ ਸੂਝਵਾਨ, ਸੁਲਝੇ ਹੋਏ, ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣਿਆ ਜਾਂਦਾ ਸੀ। ਆਪਣੀ ਡਿਊਟੀ ਪ੍ਰਤੀ ਸਮਰਪਣ ਅਤੇ ਜਾਂਚ-ਪੜਤਾਲ ਦੇ ਤਜਰਬੇ ਸਦਕਾ ਉਨ੍ਹਾਂ ਨੇ ਵਿਭਾਗ ਵਿੱਚ ਵਿਸ਼ੇਸ਼ ਪਛਾਣ ਬਣਾਈ ਸੀ। ਜ਼ੀਰਾ ਦੇ ਸੀ.ਆਈ.ਏ. ਸਟਾਫ਼ ਦੀ ਅਗਵਾਈ ਕਰਦਿਆਂ ਉਹ ਨਸ਼ਾ ਤਸਕਰੀ ਵਿਰੁੱਧ ਕਾਰਵਾਈਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ ਨਸ਼ਿਆਂ ਦੀ ਬਰਾਮਦਗੀ ਸਬੰਧੀ ਕਈ ਕਾਰਵਾਈਆਂ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਉਨ੍ਹਾਂ ਦੇ ਸਾਥੀ ਪੁਲਿਸ ਮੁਲਾਜ਼ਮਾਂ ਅਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਸਿੱਧੂ ਦਾ ਦੇਹਾਂਤ ਪੁਲਿਸ ਵਿਭਾਗ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਇੱਕ ਸਮਰਪਿਤ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਸਾਥੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।