ਫਿਰੋਜ਼ਪੁਰ ’ਚ ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਫਿਰੋਜ਼ਪੁਰ ’ਚ ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ
Publish Date: Thu, 23 Jul 2026 05:07 PM (IST)
Updated Date: Thu, 23 Jul 2026 05:07 PM (IST)
- ਸ਼ਹਿਰ ਗੰਦਗੀ ਦੇ ਢੇਰਾਂ ’ਚ ਤਬਦੀਲ, ਬਿਮਾਰੀਆਂ ਫੈਲਣ ਦਾ ਖ਼ਤਰਾ - ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਮਿਊਂਸਪਲ ਕਰਮਚਾਰੀਆਂ ਦਾ ਮੋਰਚਾ, ਪ੍ਰਸ਼ਾਸਨਿਕ ਅਣਦੇਖੀ ਤੋਂ ਸ਼ਹਿਰ ਵਾਸੀ ਪਰੇਸ਼ਾਨ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਫਿਰੋਜ਼ਪੁਰ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਵਿੱਢੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਲਗਾਤਾਰ ਜਾਰੀ ਹੈ। ਇਸ ਹੜਤਾਲ ਦੇ ਸਿੱਟੇ ਵਜੋਂ ਪੂਰੇ ਸ਼ਹਿਰ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗ ਚੁੱਕੇ ਹਨ, ਜਿਨ੍ਹਾਂ ਵਿੱਚੋਂ ਉੱਠ ਰਹੀ ਬਦਬੂ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਸ਼ਹਿਰ ਵਾਸੀਆਂ ਵਿਚ ਗੰਭੀਰ ਬੀਮਾਰੀਆਂ ਫੈਲਣ ਦਾ ਭੈਅ ਵਿਆਪਕ ਰੂਪ ਧਾਰਨ ਕਰ ਗਿਆ ਹੈ, ਜਦਕਿ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਇਸ ਭਿਆਨਕ ਸਥਿਤੀ ਤੋਂ ਬੇਖ਼ਬਰ ਹੋ ਕੇ ਗੂੜ੍ਹੀ ਨੀਂਦ ਸੁੱਤਾ ਪ੍ਰਤੀਤ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਰੋਸ ਸਰੂਪ ਫਿਰੋਜ਼ਪੁਰ ਦੇ ਨਗਰ ਕੌਂਸਲ ਕਰਮਚਾਰੀ ਅਤੇ ਸਫ਼ਾਈ ਸੇਵਕ ਪਿਛਲੇ ਕਈ ਦਿਨਾਂ ਤੋਂ ਮੁਕੰਮਲ ਹੜਤਾਲ ’ਤੇ ਹਨ। ਹੜਤਾਲੀ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਕ ਵਿਚ ਲਗਾਤਾਰ ਧਰਨਾ ਦਿੱਤਾ ਜਾ ਰਹਾ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਅਣਦੇਖੀ ਤੋਂ ਤੰਗ ਆ ਕੇ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਡੈਨੀ, ਵਿੱਕੀ ਗੋਰੀਆ, ਰਾਜੇਸ਼ ਕੁਮਾਰ, ਅਮਰ ਭੱਟੀ, ਰਣਜੀਤ ਸੰਧੂ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਮਿਊਂਸਪਲ ਕਰਮਚਾਰੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ ਆ ਰਹੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਸ਼ਾਸਨ ਅਤੇ ਪ੍ਰਸ਼ਾਸਨ ਵੱਲੋਂ ਹਰ ਵਾਰ ਕੇਵਲ ਖੋਖਲੇ ਭਰੋਸੇ ਹੀ ਦਿੱਤੇ ਜਾਂਦੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਕੋਈ ਈਮਾਨਦਾਰਾਨਾ ਹੱਲ ਨਹੀਂ ਕੱਢਿਆ ਗਿਆ। ਯੂਨੀਅਨ ਨੇ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਰੇਖਾਂਕਿਤ ਕਰਦਿਆਂ ਸਪੱਸ਼ਟ ਕੀਤਾ ਕਿ ਲੰਮੇ ਸਮੇਂ ਤੋਂ ਅਸਥਾਈ ਤੌਰ ’ਤੇ ਸੇਵਾਵਾਂ ਦੇ ਰਹੇ ਕੱਚੇ ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ‘ਬਰਾਬਰ ਕੰਮ ਲਈ ਬਰਾਬਰ ਤਨਖਾਹ’ ਦਾ ਨਿਯਮ ਬਿਨ੍ਹਾ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ, ਮੌਜ਼ੂਦਾ 10 ਸਾਲਾਂ ਦੀ ਭਰਤੀ ਪਾਲਸੀ ਨੂੰ ਪੂਰੀ ਤਰ੍ਹਾਂ ਰੱਦ ਕਰਕੇ 3 ਸਾਲ ਦੀ ਸੇਵਾ ਤੋਂ ਬਾਅਦ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨਵੀਂ ਨੀਤੀ ਅਪਣਾਈ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਇਹ ਹੱਕੀ ਮੰਗਾਂ ਨੂੰ ਲਿਖਤੀ ਰੂਪ ਵਿਚ ਮੰਨ ਕੇ ਲਾਗੂ ਨਹੀਂ ਕਰਦੀ, ਉਦੋਂ ਤੱਕ ਇਹ ਆਰ-ਪਾਰ ਦੀ ਲੜਾਈ ਅਤੇ ਧਰਨਾ-ਪ੍ਰਦਰਸ਼ਨ ਬਿਨ੍ਹਾ ਕਿਸੇ ਰੋਕ-ਟੋਕ ਦੇ ਜਾਰੀ ਰਹੇਗਾ। ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਫਿਰੋਜ਼ਪੁਰ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਮੁੱਖ ਬਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਗਲੀਆਂ-ਮੁਹੱਲਿਆਂ ਦੇ ਮੋੜਾਂ ’ਤੇ ਕੂੜੇ-ਕਰਕਟ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਬਰਸਾਤ ਦੇ ਮੌਸਮ ਜਾਂ ਨਮੀ ਕਾਰਨ ਇਸ ਗੰਦਗੀ ਵਿੱਚੋਂ ਉੱਠਦੀ ਭਿਆਨਕ ਦੁਰਗੰਧ ਨੇ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਕਰ ਦਿੱਤਾ ਹੈ। ਸਥਾਨਕ ਨਿਵਾਸੀਆਂ ਵਿਚ ਭਿਆਨਕ ਬੀਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਸ਼ਹਿਰ ਦੇ ਸੂਝਵਾਨ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ’ਤੇ ਵਾਜਬ ਹੱਲ ਕੱਢਿਆ ਜਾਵੇ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਆਪਣੀ ਅੜੀਅਲ ਨੀਤੀ ਛੱਡ ਕੇ ਕਰਮਚਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਿਚ ਸਫ਼ਾਈ ਵਿਵਸਥਾ ਤੁਰੰਤ ਬਹਾਲ ਹੋ ਸਕੇ ਅਤੇ ਆਮ ਜਨਤਾ ਨੂੰ ਇਸ ਨਰਕ ਭਰੀ ਸਥਿਤੀ ਤੋਂ ਛੁਟਕਾਰਾ ਮਿਲ ਸਕੇ।