
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ੀਰਾ ’ਚ ਦਿਨ-ਦਿਹਾੜੇ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 40 ਹਜ਼ਾਰ ਨਕਦੀ ਤੇ 4 ਤੋਲੇ ਸੋਨਾ ਲੈ ਉੱਡੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਸ਼ਹਿਰ ਦੇ ਮੁਹੱਲਾ ਦੋਧੀਆਂ ਵਾਲਾ ਵਿਖੇ ਚੋਰਾਂ ਨੇ ਦਿਨ-ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਪੁਲਿਸ ਪ੍ਰਸ਼ਾਸਨ ਦੀਆਂ ਸੁਰੱਖਿਆ ਵਿਵਸਥਾਵਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ। ਚੋਰ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਅਲਮਾਰੀ ’ਚੋਂ 40 ਹਜ਼ਾਰ ਰੁਪਏ ਦੀ ਨਕਦੀ ਤੇ ਕਰੀਬ ਚਾਰ ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਦਿਨ ਵੇਲੇ ਹੋਈ ਇਸ ਵਾਰਦਾਤ ਕਾਰਨ ਇਲਾਕਾ ਵਾਸੀਆਂ ’ਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਘਰ ਦੇ ਮੁਖੀ ਰਾਜੀਵ ਪਵਾਰ ਪੁੱਤਰ ਜਵਾਹਰ ਆਪਣੇ ਪਰਿਵਾਰ ਸਮੇਤ ਬੀਤੀ ਕੱਲ੍ਹ ਦੁਪਹਿਰ ਕਰੀਬ 1 ਵਜੇ ਰਿਸ਼ਤੇਦਾਰੀ ’ਚ ਭੋਗ ਸਮਾਗਮ ਲਈ ਗਏ ਹੋਏ ਸਨ। ਕਰੀਬ ਇਕ ਘੰਟੇ ਬਾਅਦ ਜਦੋਂ ਉਹ ਵਾਪਸ ਘਰ ਪਹੁੰਚੇ ਤਾਂ ਮੁੱਖ ਗੇਟ ਦਾ ਜਿੰਦਰਾ ਟੁੱਟਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਅੰਦਰ ਦਾਖ਼ਲ ਹੋਣ ’ਤੇ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਦੀ ਜਾਂਚ ਕਰਨ ’ਤੇ 40 ਹਜ਼ਾਰ ਰੁਪਏ ਦੀ ਨਕਦੀ ਅਤੇ ਚਾਰ ਤੋਲੇ ਸੋਨਾ ਗਾਇਬ ਮਿਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਜ਼ੀਰਾ ਤੋਂ ਏਐੱਸਆਈ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਫੁਟੇਜ ਕਬਜ਼ੇ ’ਚ ਲੈ ਕੇ ਸ਼ੱਕੀ ਵਿਅਕਤੀਆਂ ਦੀ ਪਛਾਣ ਤੇ ਚੋਰਾਂ ਦੀ ਭਾਲ ਲਈ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।