ਡੀਏ ਨਾ ਮਿਲਣ ਕਾਰਨ ਪਾਵਰਕਾਮ ਪੈਨਸ਼ਨਰਾਂ ’ਚ ਰੋਸ
ਪਾਵਰਕਾਮ ਪੈਨਸ਼ਨਰਾਂ ਦੀ ਅਹਿਮ ਮੀਟਿੰਗ, ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ
Publish Date: Sat, 06 Jun 2026 05:09 PM (IST)
Updated Date: Sat, 06 Jun 2026 05:11 PM (IST)

ਪੰਜਾਬੀ ਜਾਗਰਣ ਰਿਪੋਰਟ, ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਾਥੀ ਚੰਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਵਿਚ ਵਾਧਾ ਨਾ ਕਰਨ ਅਤੇ ਅਦਾਲਤ ਵਿੱਚ ਗੁੰਮਰਾਹਕੁੰਨ ਤੱਥ ਪੇਸ਼ ਕਰਨ ਦੇ ਵਿਰੋਧ ਵਿੱਚ ਸਰਕਾਰ ਖਿਲਾਫ਼ ਆਉਣ ਵਾਲੇ ਦਿਨਾਂ ਵਿੱਚ ਜ਼ੋਨਲ ਰੈਲੀਆਂ ਅਤੇ ਘੜੇ-ਭੰਨ ਮੁਜ਼ਾਹਰੇ ਕਰਨ ਦਾ ਵੱਡਾ ਫੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬੰਦ ਲਿਫਾਫਾ ਮਹਿਜ਼ ਝੂਠ ਦਾ ਪੁਲੰਦਾ ਹੈ। ਆਗੂਆਂ ਨੇ ਇਤਿਹਾਸਕ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਅੰਦਰ ਸਾਲ 1967 ਤੋਂ ਲਗਾਤਾਰ ਪੇ-ਕਮਿਸ਼ਨ ਬੈਠਦੇ ਆ ਰਹੇ ਹਨ ਅਤੇ ਹਰ ਦਸ ਸਾਲਾਂ ਬਾਅਦ ਨਵੇਂ ਤਨਖਾਹ ਸਕੇਲਾਂ ਦੀ ਸੋਧ ਕੀਤੀ ਜਾਂਦੀ ਹੈ। ਦੂਜੇ ਪਾਸੇ, ਡੀ.ਏ. ਇੱਕ ਵੱਖਰਾ ਅੰਸ਼ ਹੈ ਜੋ ਸਿੱਧਾ ਮਹਿੰਗਾਈ ਦੇ ਸੂਚਕਾਂਕ ਨਾਲ ਜੁੜਿਆ ਹੁੰਦਾ ਹੈ। ਨਿਯਮਾਂ ਮੁਤਾਬਿਕ, ਜਿਵੇਂ-ਜਿਵੇਂ ਮਹਿੰਗਾਈ ਵੱਧਦੀ ਹੈ, ਉਸੇ ਅਨੁਪਾਤ ਵਿੱਚ ਕੇਂਦਰੀ ਪੈਟਰਨ ਦੀ ਤਰਜ਼ ’ਤੇ ਪੈਨਸ਼ਨਰਾਂ ਨੂੰ ਇਹ ਭੱਤਾ ਮਿਲਣਾ ਚਾਹੀਦਾ ਹੈ, ਪਰ ਮੌਜੂਦਾ ਪੰਜਾਬ ਸਰਕਾਰ ਇਸ ਹੱਕ ਨੂੰ ਦੇਣ ਤੋਂ ਲਗਾਤਾਰ ਆਨਾਕਾਨੀ ਕਰ ਰਹੀ ਹੈ। ਸਰਕਾਰ ਦੇ ਇਸ ਅੜੀਅਲ ਵਤੀਰੇ ਦੇ ਖ਼ਿਲਾਫ਼ ਮੁਲਾਜ਼ਮ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 17 ਮਈ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਸੀ। ਇਸੇ ਫੈਸਲੇ ਤਹਿਤ ਹੁਣ ਸਰਕਾਰ ਦੇ ਸਾਰੇ ਵਿਧਾਇਕਾਂ ਦੇ ਹਲਕਿਆਂ ਵਿਚ ਉਨ੍ਹਾਂ ਦੇ ਵਿਰੁੱਧ ਘੜੇ-ਭੰਨ ਮੁਜ਼ਾਹਰੇ ਕੀਤੇ ਜਾਣਗੇ ਅਤੇ ਵੱਡੀਆਂ ਜ਼ੋਨਲ ਰੈਲੀਆਂ ਰਾਹੀਂ ਰੋਸ ਪ੍ਰਗਟਾਇਆ ਜਾਵੇਗਾ। ਇਸ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ ਪੈਨਸ਼ਨਰਜ਼ ਫਰੰਟ ਵੱਲੋਂ ਆਉਣ ਵਾਲੀ 17 ਜੂਨ 2026 ਨੂੰ ਇੱਕ ਵਿਸ਼ੇਸ਼ ਕਨਵੈਨਸ਼ਨ ਸੱਦੀ ਗਈ ਹੈ, ਜਿੱਥੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੇ ਤਿੱਖੇ ਸੰਘਰਸ਼ਾਂ ਦਾ ਰਸਮੀ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਪੰਜਾਬ ਪੱਧਰ ਦੀ ਇੱਕ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ। ਆਪਣੀਆਂ ਸਥਾਨਕ ਮੰਗਾਂ ਦੇ ਹੱਲ ਲਈ ਪੈਨਸ਼ਨਰਾਂ ਦਾ ਇੱਕ ਵਫ਼ਦ ਅੱਜ ਕਾਰਜਕਾਰੀ ਇੰਜੀਨੀਅਰ ਮੰਡਲ ਫਿਰੋਜ਼ਪੁਰ ਨੂੰ ਵੀ ਮਿਲਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਟੇਟ ਕਮੇਟੀ ਆਗੂ ਰਾਕੇਸ਼ ਸ਼ਰਮਾ, ਸਕੱਤਰ ਬਿਸ਼ਨ ਸਿੰਘ, ਗੁਰਬਖਸ਼ ਸਿੰਘ, ਕੋਮਲ ਸਿੰਘ, ਹਾਕਮ ਸਿੰਘ ਅਤੇ ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜ਼ਰ ਸਨ।