ਸੜਕ ਸੁਰੱਖਿਆ ਦੀ ਅਣਦੇਖੀ ਬਣ ਰਹੀ ਹੈ ਮੌਤਾਂ ਦਾ ਕਾਰਨ, ਜਲਦਬਾਜ਼ੀ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਰ ਰਹੀ ਤਬਾਹ ਸੜਕ ਸੁਰੱਖਿਆ ਦੀ ਅਣਦੇਖੀ ਬਣ ਰਹੀ ਹੈ ਮੌਤਾਂ ਦਾ ਕਾਰਨ, ਕਿਸੇ ਦੀ ਜਲਦਬਾਜ਼ੀ ਪੂਰੇ ਪਰਿਵਾਰ ਦੀਆਂ
Publish Date: Wed, 04 Nov 2026 05:49 PM (IST)
Updated Date: Wed, 04 Nov 2026 05:50 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸੜਕਾਂ ਉੱਪਰ ਦੌੜਦੇ ਵਾਹਨਾਂ ਦੀ ਰਫ਼ਤਾਰ ਨੇ ਜਿੱਥੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਮਨੁੱਖ ਦੀ ਵਧਦੀ ਜਲਦਬਾਜ਼ੀ ਅਤੇ ਲਾਪ੍ਰਵਾਹੀ ਕਈ ਘਰਾਂ ਦੇ ਚਿਰਾਗ ਬੁਝਾਉਣ ਦਾ ਕਾਰਨ ਵੀ ਬਣ ਰਹੀ ਹੈ। ਹਰ ਰੋਜ਼ ਸੜਕਾਂ ਉੱਪਰ ਵਾਪਰਨ ਵਾਲੇ ਹਾਦਸੇ ਸਿਰਫ਼ ਕੁਝ ਪਲਾਂ ਦੀਆਂ ਘਟਨਾਵਾਂ ਨਹੀਂ ਹੁੰਦੇ, ਸਗੋਂ ਇਨ੍ਹਾਂ ਦੇ ਪਿੱਛੇ ਕਈ ਪਰਿਵਾਰਾਂ ਦੀਆਂ ਟੁੱਟੀਆਂ ਉਮੀਦਾਂ, ਮਾਪਿਆਂ ਦੇ ਸੁੰਨੇ ਸੁਪਨੇ ਅਤੇ ਬੱਚਿਆਂ ਦੇ ਬੇਸਹਾਰਾ ਹੋ ਜਾਣ ਦੀਆਂ ਦਰਦਨਾਕ ਕਹਾਣੀਆਂ ਲੁਕੀਆਂ ਹੁੰਦੀਆਂ ਹਨ। ਕਿਸੇ ਘਰ ਦਾ ਇਕਲੌਤਾ ਕਮਾਊ ਜੀਅ, ਕਿਸੇ ਮਾਂ ਦੀ ਅੱਖ ਦਾ ਤਾਰਾ ਜਾਂ ਕਿਸੇ ਬਜ਼ੁਰਗ ਮਾਪੇ ਦਾ ਬੁਢਾਪੇ ਦਾ ਸਹਾਰਾ ਜਦੋਂ ਸੜਕ ਹਾਦਸੇ ਦੀ ਭੇਟ ਚੜ੍ਹਦਾ ਹੈ ਤਾਂ ਉਸ ਪਰਿਵਾਰ ਦੀ ਜ਼ਿੰਦਗੀ ਵਿੱਚ ਪੈਦਾ ਹੋਇਆ ਖਲਾਅ ਕਦੇ ਪੂਰਾ ਨਹੀਂ ਹੋ ਸਕਦਾ। ਅਫ਼ਸੋਸ ਦੀ ਗੱਲ ਹੈ ਕਿ ਸੜਕ ਸੁਰੱਖਿਆ ਸਬੰਧੀ ਲਗਾਤਾਰ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਬਹੁਤ ਸਾਰੇ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ। ....................................... ਹਾਦਸਿਆਂ ਦੇ ਅੰਕੜਿਆਂ ’ਚ ਲੁਕੇ ਹੁੰਦੇ ਹਨ ਉੱਜੜੇ ਪਰਿਵਾਰਾਂ ਦੇ ਦਰਦ ਐਂਟੀ ਕਰਪਸ਼ਨ ਆਫ ਇੰਡੀਆ ਦੇ ਚੀਫ ਡਾਇਰੈਕਟਰ ਨਰਿੰਦਰ ਨਾਰੰਗ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਸਿਰਫ਼ ਸਰਕਾਰੀ ਅੰਕੜਿਆਂ ਤੱਕ ਸੀਮਤ ਕਰਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਹਰ ਅੰਕੜੇ ਪਿੱਛੇ ਕਿਸੇ ਪਰਿਵਾਰ ਦੀ ਉੱਜੜੀ ਦੁਨੀਆ ਅਤੇ ਅਧੂਰੇ ਰਹਿ ਗਏ ਸੁਪਨਿਆਂ ਦੀ ਕਹਾਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਸਕੂਲੀ ਜੀਵਨ ਤੋਂ ਹੀ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਜ਼ਿੰਮੇਵਾਰ ਨਾਗਰਿਕ ਬਣ ਕੇ ਹਾਦਸਿਆਂ ਨੂੰ ਘਟਾਉਣ ਵਿੱਚ ਯੋਗਦਾਨ ਪਾ ਸਕੇ। ....................................... ਨੌਜਵਾਨਾਂ ਦਾ ਸੜਕਾਂ ’ਤੇ ਦਿਖਾਵਾ ਬਣ ਸਕਦਾ ਹੈ ਜ਼ਿੰਦਗੀ ਭਰ ਦਾ ਪਛਤਾਵਾ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਸੜਕਾਂ ਉੱਪਰ ਨੌਜਵਾਨਾਂ ਵੱਲੋਂ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਸਟੰਟਬਾਜ਼ੀ ਕਰਨ ਦੇ ਵਧ ਰਹੇ ਰੁਝਾਨ ਨੂੰ ਚਿੰਤਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਪਲਾਂ ਦੀ ਵਾਹ-ਵਾਹ ਖੱਟਣ ਲਈ ਕੀਤੀ ਗਈ ਲਾਪ੍ਰਵਾਹੀ ਕਿਸੇ ਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸੜਕ ਸੁਰੱਖਿਆ ਪ੍ਰਤੀ ਗੰਭੀਰ ਬਣਾਉਣਾ ਚਾਹੀਦਾ ਹੈ। ਨੌਜਵਾਨਾਂ ਨੂੰ ਸਮਝਣਾ ਪਵੇਗਾ ਕਿ ਸੜਕਾਂ ਕੋਈ ਦਿਖਾਵੇ ਦਾ ਮੰਚ ਨਹੀਂ, ਸਗੋਂ ਹਰ ਰਾਹਗੀਰ ਦੀ ਸੁਰੱਖਿਆ ਨਾਲ ਜੁੜੀ ਸਾਂਝੀ ਜ਼ਿੰਮੇਵਾਰੀ ਹਨ। ....................................... ਮੰਜ਼ਿਲ ’ਤੇ ਦੇਰੀ ਨਾਲ ਪਹੁੰਚਣਾ ਮਨਜ਼ੂਰ ਪਰ ਪਰਿਵਾਰ ਦੀਆਂ ਉਮੀਦਾਂ ਨਹੀਂ ਟੁੱਟਣੀਆਂ ਚਾਹੀਦੀਆਂ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਕੰਮਕਾਜ ਅਤੇ ਵਪਾਰਕ ਰੁਝੇਵਿਆਂ ਕਾਰਨ ਲੋਕ ਅਕਸਰ ਸਮੇਂ ਦੀ ਕਮੀ ਮਹਿਸੂਸ ਕਰਦੇ ਹਨ, ਜਿਸ ਦੇ ਚਲਦਿਆਂ ਉਹ ਵਾਹਨਾਂ ਦੀ ਰਫ਼ਤਾਰ ਵਧਾ ਦਿੰਦੇ ਹਨ। ਪਰ ਕਿਸੇ ਵੀ ਕੰਮ ਨਾਲੋਂ ਮਨੁੱਖੀ ਜੀਵਨ ਵਧੇਰੇ ਕੀਮਤੀ ਹੈ। ਉਨ੍ਹਾਂ ਕਿਹਾ ਕਿ ਘਰੋਂ ਨਿਕਲਣ ਵਾਲੇ ਹਰ ਜੀਅ ਦੀ ਸੁਰੱਖਿਅਤ ਵਾਪਸੀ ਹੀ ਉਸ ਦੇ ਪਰਿਵਾਰ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਇਸ ਲਈ ਹਰ ਵਾਹਨ ਚਾਲਕ ਨੂੰ ਕਾਹਲੀ ਛੱਡ ਕੇ ਸੰਜਮ, ਸੂਝ-ਬੂਝ ਅਤੇ ਜ਼ਿੰਮੇਵਾਰੀ ਨਾਲ ਸਫ਼ਰ ਕਰਨਾ ਚਾਹੀਦਾ ਹੈ। ....................................... ਸਿਰਫ਼ ਚਾਲਾਨਾਂ ਨਾਲ ਨਹੀਂ, ਸੜਕਾਂ ਨੂੰ ਸੁਰੱਖਿਅਤ ਬਣਾਉਣ ਵਾਲੇ ਪ੍ਰਬੰਧ ਵੀ ਜ਼ਰੂਰੀ ਸਮਾਜ ਸੇਵੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਕੇਵਲ ਚਲਾਨ ਕੱਟਣਾ ਹੀ ਕਾਫ਼ੀ ਨਹੀਂ, ਬਲਕਿ ਸੜਕ ਸੁਰੱਖਿਆ ਨਾਲ ਜੁੜੇ ਬੁਨਿਆਦੀ ਪ੍ਰਬੰਧਾਂ ਨੂੰ ਵੀ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਸੜਕਾਂ ਉੱਪਰ ਸਪੱਸ਼ਟ ਦਿਸ਼ਾ-ਸੂਚਕ ਬੋਰਡ, ਰਾਤ ਸਮੇਂ ਢੁੱਕਵੀਂ ਰੌਸ਼ਨੀ, ਗਤੀ ਸੀਮਾ ਦੀ ਪਾਲਣਾ ਅਤੇ ਟ੍ਰੈਫਿਕ ਪ੍ਰਬੰਧਾਂ ਦੀ ਸਖ਼ਤੀ ਨਾਲ ਨਿਗਰਾਨੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੜਕ ਉੱਪਰ ਦੂਜਿਆਂ ਦੇ ਹੱਕ ਅਤੇ ਸੁਰੱਖਿਆ ਦਾ ਖ਼ਿਆਲ ਰੱਖਣਾ ਹਰ ਵਾਹਨ ਚਾਲਕ ਦਾ ਫ਼ਰਜ਼ ਹੈ। ਸਬਰ ਅਤੇ ਸਲੀਕੇ ਨਾਲ ਹੀ ਸੁਰੱਖਿਅਤ ਸਫ਼ਰ ਸੰਭਵ ਹੈ। ...................................... ਰਫ਼ਤਾਰ ਦੇ ਸ਼ੌਕ ਨਾਲੋਂ ਜ਼ਿੰਦਗੀ ਦੀ ਸਲਾਮਤੀ ਵਧੇਰੇ ਕੀਮਤੀ ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਸਤੀਸ਼ ਮੋਹਨ ਦੇਵਗਨ ਨੇ ਕਿਹਾ ਕਿ ਸੜਕ ’ਤੇ ਵਰਤੀ ਗਈ ਤੁਹਾਡੀ ਇੱਕ ਛੋਟੀ ਜਿਹੀ ਸਾਵਧਾਨੀ ਕਿਸੇ ਮਾਂ ਦੀ ਗੋਦ ਉੱਜੜਨ ਤੋਂ ਬਚਾ ਸਕਦੀ ਹੈ, ਕਿਸੇ ਮਾਸੂਮ ਦੇ ਬਚਪਨ ਨੂੰ ਸੁਰੱਖਿਅਤ ਰੱਖ ਸਕਦੀ ਹੈ ਅਤੇ ਕਿਸੇ ਪਰਿਵਾਰ ਦੀਆਂ ਮੁਸਕਰਾਹਟਾਂ ਸਦਾ ਲਈ ਕਾਇਮ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਕੋਈ ਤੁਹਾਡੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਿਹਾ ਹੈ, ਇਸ ਲਈ ਰਫ਼ਤਾਰ ਦਾ ਜਨੂੰਨ ਨਹੀਂ, ਸਗੋਂ ਅਨਮੋਲ ਜ਼ਿੰਦਗੀ ਨੂੰ ਪਹਿਲ ਦਿਓ।