ਨੂਰਪੁਰ ਸੇਠਾਂ ਵਿਖੇ ਇਫਕੋ ਨੇ ਮਨਾਇਆ ਖੇਤ ਦਿਵਸ ਨੂਰਪੁਰ ਸੇਠਾਂ ਵਿਖੇ ਇਫਕੋ ਵੱਲੋਂ ਖੇਤ ਦਿਵਸ ਮਨਾਇਆ ਗਿਆ
Publish Date: Sat, 19 Sep 2026 03:20 PM (IST)
Updated Date: Sat, 19 Sep 2026 03:23 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਜ਼ਿਲ੍ਹੇ ਦੀ ਸਹਿਕਾਰੀ ਸਭਾ ਨੂਰਪੁਰ ਸੇਠਾਂ ਵਿਖੇ ਕਿਸਾਨ ਰਮੇਸ਼ ਚੰਦ ਦੇ ਖੇਤ ਵਿਚ ਇਫਕੋ ਵੱਲੋਂ ਖੇਤ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨੂਰਪੁਰ ਸੇਠਾਂ ਸਹਿਕਾਰੀ ਸਭਾ ਦੇ ਪ੍ਰਧਾਨ ਸੁਖਦੇਵ ਰਾਜ ਨੇ ਕੀਤੀ। ਇਸ ਮੌਕੇ ਮੌਜ਼ੂਦਾ ਸਰਪੰਚ ਜਗਦੀਪ ਸਿੰਘ ਸੰਧੂ, ਸਾਬਕਾ ਸਰਪੰਚ ਭਗਵਾਨ ਸਿੰਘ ਸਾਮਾ, ਗੁਰਜੰਟ ਸਿੰਘ ਸੈਕਟਰੀ ਨੂਰਪੁਰ ਸੇਠਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਗੁਰਦੇਵ ਸਿੰਘ ਸਿੱਧੂ ਸਾਬਕਾ ਪ੍ਰਧਾਨ ਕੋਆਪਰੇਟਿਵ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਕਿਸਾਨ ਆਈਡੀ ਸਕੀਮ ਤਹਿਤ ਕਿਸਾਨਾਂ ਨੂੰ ਆਪਣੀ ਫਾਰਮਰ ਆਈਡੀ ਜ਼ਰੂਰ ਬਣਵਾਉਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਫਕੋ ਦੀਆਂ ਨੈਨੋ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਰਵਾਇਤੀ ਖਾਦਾਂ ’ਤੇ ਆਪਣੀ ਨਿਰਭਰਤਾ ਨੂੰ ਘਟਾਉਣ। ਉਨ੍ਹਾਂ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਸਿੱਧੂ ਨੇ ਕਿਸਾਨਾਂ ਨੂੰ ਇਫਕੋ ਵੱਲੋਂ ਵੰਡੇ ਜਾ ਰਹੇ ਨਿੰਮ ਦੇ ਬੂਟਿਆਂ ਨੂੰ ਆਪਣੇ ਖੇਤਾਂ, ਘਰਾਂ ਦੇ ਆਲੇ-ਦੁਆਲੇ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਲਗਾਉਣ ਦੀ ਅਪੀਲ ਕੀਤੀ। ਸੰਦੀਪ ਕੁਮਾਰ ਸਹਾਇਕ ਫੀਲਡ ਮੈਨੇਜਰ ਇਫਕੋ ਫਿਰੋਜ਼ਪੁਰ ਨੇ ਦੱਸਿਆ ਕਿ ਕਿਸਾਨਾਂ ਨੂੰ ਇਫਕੋ ਦੇ ਨਵੀਨਤਮ ਉਤਪਾਦਾਂ, ਜਿਵੇਂ ਕਿ ਨੈਨੋ ਖਾਦਾਂ, ਸਪੈਸ਼ਲਿਟੀ ਫਰਟੀਲਾਈਜ਼ਰ, ਬਾਇਓ ਫਰਟੀਲਾਈਜ਼ਰ ਅਤੇ ਵਾਟਰ-ਸੋਲਿਊਬਲ ਫਰਟੀਲਾਈਜ਼ਰ (ਡਬਲਯੂਐੱਸਐੱਫ) ਬਾਰੇ ਜਾਣਕਾਰੀ ਦਿੱਤੀ ਗਈ। ਇਫਕੋ ਵੱਲੋਂ ਕਿਸਾਨਾਂ ਨੂੰ ਨਿੰਮ ਦੇ ਬੂਟੇ ਵੀ ਵੰਡੇ ਗਏ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਨਿੰਮ ਦੇ ਬੂਟੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਵੱਧ ਤੋਂ ਵੱਧ ਲਗਾਏ ਜਾਣ। ਅੰਤ ਵਿਚ ਗੁਰਮੀਤ ਸਿੰਘ ਸਰਪੰਚ ਨੇ ਇਸ ਉਪਰਾਲੇ ਲਈ ਇਫਕੋ ਦਾ ਧੰਨਵਾਦ ਕੀਤਾ। ਗੁਰਸਿਮਰਨ ਸਿੰਘ, ਸਹਾਇਕ ਸੇਲਜ਼ ਅਫਸਰ, ਇਫਕੋ ਫਿਰੋਜ਼ਪੁਰ ਨੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਮੂਹ ਕਿਸਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।