ਸਿਆਸਤ ’ਚ ਬਦਲਦੇ ਸਮੀਕਰਨਾਂ ਦਰਮਿਆਨ ਬਿਆਨਬਾਜ਼ੀ ਭਖ਼ੀ ‘ਸਿਆਸਤ ਬਦਲੀ ਤਾਂ ਕੀ ਅਸੂਲ ਵੀ ਬਦਲ ਗਏ?’ ਮੀਤ ਹੇਅਰ ਨੂੰ ਕੁਲਬੀਰ ਜ਼ੀਰਾ ਦਾ ਸਿੱਧਾ ਸਵਾਲ
Publish Date: Wed, 09 Sep 2026 04:50 PM (IST)
Updated Date: Wed, 09 Sep 2026 04:52 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ: ਪੰਜਾਬ ਦੀ ਸਿਆਸਤ ਵਿਚ ਬਦਲਦੇ ਸਮੀਕਰਨਾਂ ਦਰਮਿਆਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਪੁਰਾਣੀ ਬਿਆਨਬਾਜ਼ੀ ਨੂੰ ਲੈ ਕੇ ਸਿਆਸੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਖਾਮੋਸ਼ੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਿਆਸਤ ਵਿਚ ਹਾਲਾਤ ਬਦਲ ਸਕਦੇ ਹਨ, ਪਰ ਜਨਤਕ ਤੌਰ ’ਤੇ ਦਿੱਤੇ ਬਿਆਨਾਂ ਦੀ ਜਵਾਬਦੇਹੀ ਤੋਂ ਕੋਈ ਆਗੂ ਮੁਕਤ ਨਹੀਂ ਹੋ ਸਕਦਾ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਮੀਤ ਹੇਅਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੇ ਸਨ, ਉਸ ਸਮੇਂ ਗੁਰਪ੍ਰੀਤ ਸੇਖੋਂ ਨੂੰ ਲੈ ਕੇ ਵਿਧਾਨ ਸਭਾ ਸਮੇਤ ਜਨਤਕ ਮੰਚਾਂ ’ਤੇ ਕਈ ਸਵਾਲ ਉਠਾਏ ਗਏ ਸਨ। ਉਨ੍ਹਾਂ ਕਿਹਾ ਕਿ ਉਹ ਗੱਲਾਂ ਪੰਜਾਬ ਦੇ ਲੋਕਾਂ ਦੀ ਯਾਦ ਵਿਚ ਅੱਜ ਵੀ ਮੌਜ਼ੂਦ ਹਨ। ਜ਼ੀਰਾ ਨੇ ਕਿਹਾ ਕਿ ਹੁਣ ਸਿਆਸੀ ਤਸਵੀਰ ਬਦਲ ਚੁੱਕੀ ਹੈ ਅਤੇ ਗੁਰਪ੍ਰੀਤ ਸੇਖੋਂ ਦੇ ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਬਾਅਦ ਉਹੀ ਪੁਰਾਣੇ ਸਵਾਲ ਮੁੜ ਚਰਚਾ ਵਿੱਚ ਆ ਗਏ ਹਨ। ਉਨ੍ਹਾਂ ਪੁੱਛਿਆ ਕਿ ਜਿਨ੍ਹਾਂ ਮਾਮਲਿਆਂ ਨੂੰ ਕਦੇ ਇੰਨੀ ਗੰਭੀਰਤਾ ਨਾਲ ਉਠਾਇਆ ਗਿਆ ਸੀ, ਅੱਜ ਉਨ੍ਹਾਂ ਬਾਰੇ ਖਾਮੋਸ਼ੀ ਕਿਉਂ ਧਾਰੀ ਹੋਈ ਹੈ। ਜ਼ੀਰਾ ਨੇ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਮੀਤ ਹੇਅਰ ਅਜੇ ਵੀ ਆਪਣੇ ਪੁਰਾਣੇ ਬਿਆਨਾਂ ਨਾਲ ਸਹਿਮਤ ਹਨ ਜਾਂ ਬਦਲੇ ਸਿਆਸੀ ਹਾਲਾਤਾਂ ਨਾਲ ਉਨ੍ਹਾਂ ਦਾ ਰੁਖ਼ ਵੀ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਚਾਰ ਜਾਂ ਤੱਥ ਬਦਲੇ ਹਨ ਤਾਂ ਇਸ ਬਦਲਾਅ ਦੀ ਵਜ੍ਹਾ ਵੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਤੰਜ਼ ਕਰਦਿਆਂ ਕਿਹਾ ਕਿ ਸਿਆਸੀ ਸਹੂਲਤ ਮੁਤਾਬਕ ਚੁੱਪੀ ਧਾਰ ਲੈਣਾ ਲੋਕਾਂ ਦੇ ਸਵਾਲਾਂ ਦਾ ਹੱਲ ਨਹੀਂ। ਕੁਲਬੀਰ ਜ਼ੀਰਾ ਨੇ ਕਿਹਾ ਕਿ ਆਗੂਆਂ ਦੇ ਬਿਆਨਾਂ ਅਤੇ ਉਨ੍ਹਾਂ ਦੇ ਮੌਜੂਦਾ ਫੈਸਲਿਆਂ ਵਿਚਕਾਰ ਪੈਦਾ ਹੋਇਆ ਫਰਕ ਹੀ ਅੱਜ ਸਭ ਤੋਂ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਆਗੂਆਂ ਦੇ ਹਰ ਬਿਆਨ ਅਤੇ ਫੈਸਲੇ ਨੂੰ ਧਿਆਨ ਨਾਲ ਦੇਖ ਰਹੇ ਹਨ ਅਤੇ ਸਮਾਂ ਆਉਣ ’ਤੇ ਆਪਣਾ ਫੈਸਲਾ ਵੀ ਦੇਣਗੇ। ਇਸ ਮੌਕੇ ਕੌਂਸਲਰ ਗੁਰਭਗਤ ਸਿੰਘ ਗੋਰਾ ਗਿੱਲ, ਕੌਂਸਲਰ ਰਮਨ ਸ਼ਰਮਾ, ਰੋਮੀ ਚੋਪੜਾ, ਸਾਬਕਾ ਪ੍ਰਧਾਨ ਡਾ ਰਸ਼ਪਾਲ ਸਿੰਘ, ਅਸ਼ੋਕ ਮਨਚੰਦਾ ਆਦਿ ਹਾਜ਼ਰ ਸਨ।