ਹੁਸੈਨੀਵਾਲਾ ਨੂੰ ਮਿਲੇਗੀ ਨਵੀਂ ਪਛਾਣ, 24.99 ਕਰੋੜ ਨਾਲ ਬਣੇਗਾ ਹੈਰੀਟੇਜ ਕੰਪਲੈਕਸ ਹੁਸੈਨੀਵਾਲਾ ਨੂੰ ਮਿਲੇਗੀ ਨਵੀਂ ਪਛਾਣ, 24.99 ਕਰੋੜ ਨਾਲ ਬਣੇਗਾ ਹੈਰੀਟੇਜ ਕੰਪਲੈਕਸ
Publish Date: Sun, 16 Aug 2026 04:21 PM (IST)
Updated Date: Sun, 16 Aug 2026 04:23 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦਾਂ ਦੀ ਪਵਿੱਤਰ ਧਰਤੀ ਹੁਸੈਨੀਵਾਲਾ ਨੂੰ ਹੁਣ ਵਿਰਾਸਤ ਅਤੇ ਸੈਰ-ਸਪਾਟੇ ਦੇ ਨਵੇਂ ਕੇਂਦਰ ਵਜੋਂ ਵਿਕਸਤ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਆਜਾਦੀ ਦਿਹਾੜੇ ਸਮਾਗਮ ਵਿੱਚ ਸ਼ਿਰਕੱਤ ਕਰਨ ਤੋਂ ਪਹਿਲੋਂ ਸ਼ਨੀਚਰਵਾਰ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਲਾਨ ਕੀਤਾ ਕਿ ਸ਼ਹੀਦਾਂ ਨੂੰ ਸਮਰਪਿਤ ਹੁਸੈਨੀਵਾਲਾ ਹੈਰੀਟੇਜ ਕੰਪਲੈਕਸ ’ਤੇ 24.99 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਹਰ ਫੈਸਲਾ ਸ਼ਹੀਦਾਂ ਦੀ ਸੋਚ, ਜੀਵਨ ਅਤੇ ਕੁਰਬਾਨੀ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਿਰਫ਼ ਦੇਸ਼ ਦੀ ਆਜ਼ਾਦੀ ਦਾ ਸੁਪਨਾ ਨਹੀਂ ਦੇਖਿਆ ਸੀ, ਸਗੋਂ ਇੱਕ ਆਜ਼ਾਦ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸਮਾਜ ਦੀ ਕਲਪਨਾ ਕੀਤੀ ਸੀ। ਸਰਕਾਰ ਉਸੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਯਤਨਸ਼ੀਲ ਹੈ।ਮਾਨ ਨੇ ਆਖਿਆ ਕਿ ਹੁਸੈਨੀਵਾਲਾ ਸਿਰਫ਼ ਇੱਕ ਸਮਾਰਕ ਨਹੀਂ, ਸਗੋਂ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਜੀਵੰਤ ਵਿਰਾਸਤ ਹੈ। ਇਸੇ ਧਰਤੀ ’ਤੇ ਅੰਗਰੇਜ਼ ਹਕੂਮਤ ਵੱਲੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਅੰਤਿਮ ਸੰਸਕਾਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਥਾਨ ਅੱਜ ਵੀ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਦੀ ਪ੍ਰੇਰਨਾ ਦਿੰਦਾ ਹੈ। ਮੁੱਖ ਮੰਤਰੀ ਅਨੁਸਾਰ ਹੈਰੀਟੇਜ ਕੰਪਲੈਕਸ ਵਿੱਚ ਸ਼ਾਨਦਾਰ ਵਿਰਾਸਤੀ ਐਂਟਰੈਂਸ ਗੇਟ, ਸ਼ਹੀਦਾਂ ਦੇ ਜੀਵਨ ਨੂੰ ਸਮਰਪਿਤ ਵਿਰਾਸਤੀ ਗਲਿਆਰਾ, ਕੰਧ ਚਿੱਤਰ, ਪਾਰਕਾਂ ਅਤੇ ਯਾਦਗਾਰੀ ਖੇਤਰਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਪੁਰਾਣੇ ਪੁਲ ’ਤੇ ਇਤਿਹਾਸਕ ਘਟਨਾਵਾਂ ਅਤੇ ਸ਼ਖ਼ਸੀਅਤਾਂ ਨੂੰ ਦਰਸਾਉਣ ਲਈ 3ਡੀ ਮੈਪਿੰਗ ਸ਼ੋਅ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਦੇ ਨਾਲ ਸੰਗੀਤਕ ਫੁਹਾਰੇ ਦਾ ਵੀ ਪ੍ਰਬੰਧ ਹੋਵੇਗਾ।ਕੰਪਲੈਕਸ ਵਿੱਚ ਬੱਚਿਆਂ ਲਈ ਖੇਡ ਖੇਤਰ, ਬਜ਼ੁਰਗਾਂ ਲਈ ਆਰਾਮਦਾਇਕ ਸਥਾਨ, ਆਨ-ਗਰਿੱਡ ਸੋਲਰ ਪਾਵਰ ਪਲਾਂਟ ਅਤੇ ਸਾਫ਼ ਪੀਣ ਵਾਲੇ ਪਾਣੀ ਲਈ ਆਰਓ ਪਲਾਂਟ ਵੀ ਬਣਾਇਆ ਜਾਵੇਗਾ। ਮਾਨ ਨੇ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਹੁਸੈਨੀਵਾਲਾ ਦਾ ਸੁੰਦਰੀਕਰਨ ਕਰਨਾ ਨਹੀਂ, ਬਲਕਿ ਇਸ ਨੂੰ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਹੈ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੋਕ ਸ਼ਹੀਦਾਂ ਦੀ ਵਿਰਾਸਤ ਨਾਲ ਜੁੜ ਸਕਣ ਅਤੇ ਸਰਹੱਦੀ ਇਲਾਕੇ ਨੂੰ ਆਰਥਿਕ ਹੁਲਾਰਾ ਮਿਲੇ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀਜੀਪੀ ਗੌਰਵ ਯਾਦਵ ,ਵਿਧਾਇਕ ਰਣਬੀਰ ਸਿੰਘ ਭੁੱਲਰ,ਵਿਧਾਇਕ ਰਜਨੀਸ਼ ਦਹੀਆ, ਵਿਧਾਇਕ ਫੌਜਾ ਸਿੰਘ ਸਰਾਰੀ ,ਵਿਧਾਇਕ ਨਰੇਸ਼ ਕਟਾਰੀਆ ,ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐਸਐਸਪੀ ਭੁਪਿੰਦਰ ਸਿੰਘ ਸਿੱਧੂ ਅਤੇ ਸਮੇਤ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਮੌਜੂਦ ਸਨ।