ਪਤਨੀ ਤੋਂ ਤੰਗ ਪਤੀ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕਸ਼ੀ
ਪਤਨੀ ਤੋਂ ਤੰਗ ਪਤੀ ਨੇ ਜਹਿਰ ਨਿਗਲ ਕੇ ਕੀਤੀ ਖੁਦਕਸ਼ੀ
Publish Date: Sun, 15 Feb 2026 05:02 PM (IST)
Updated Date: Sun, 15 Feb 2026 05:06 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਦੇਸ਼ ਵਿੱਚ ਸਾਢੇ ਛੇ ਸਾਲ ਦੀ ਕਠੋਰ ਮਿਹਨਤ ਕਰਕੇ ਦਿਲ ਵਿਚ ਲੱਖਾਂ ਸੁਪਨੇ ਲੈ ਕੇ ਆਪਣੇ ਘਰ ਜ਼ੀਰਾ ਵਿਖੇ ਵਾਪਸ ਆਏ ਵਿਅਕਤੀ ਵੱਲੋਂ ਪਤਨੀ ਦੇ ਧੋਖੇ ਤੋਂ ਦੁਖੀ ਹੋ ਕੇ ਜਹਿਰ ਨਿਗਲ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਪ੍ਰਕਾਸ਼ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਅਵਾਣ ਰੋਡ ਜ਼ੀਰਾ ਨੇ ਦੱਸਿਆ ਕਿ ਉਸਦਾ ਇਕਲੌਤਾ ਲੜਕਾ ਰਣਬੀਰ ਸਿੰਘ ਰਾਣਾ (49) ਪੁੱਤਰ ਸੁਖਜੀਤ ਸਿੰਘ ਜੋ ਕਿ ਛੇ ਸਾਲ ਤੋਂ ਮਲੇਸ਼ੀਆ ਵਿਖੇ ਸਖਤ ਮਿਹਨਤ ਨਾਲ ਕਮਾਈ ਕਰਨ ਤੋਂ ਬਾਅਦ ਅੱਠ ਮਹੀਨੇ ਪਹਿਲਾਂ ਜ਼ੀਰਾ ਵਿਖੇ ਆਪਣੇ ਘਰ ਪਰਤਿਆ ਸੀ, ਇਸ ਸਮੇਂ ਉਹ ਜ਼ੀਰਾ ਦੀ ਇੱਕ ਕਲੋਨੀ ਵਿੱਚ ਸਕਿਉਰਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਬਲਵਿੰਦਰ ਕੌਰ ਪਤਨੀ ਰਣਬੀਰ ਸਿੰਘ ਦੇ ਪਿਛਲੇ ਲੰਮੇ ਸਮੇਂ ਤੋਂ ਅਵਾਣ ਰੋਡ ਜ਼ੀਰਾ ਦੇ ਵਸਨੀਕ ਇੱਕ ਵਿਅਕਤੀ ਨਾਲ ਕਥਿਤ ਤੌਰ ਤੇ ਨਜਾਇਜ ਸਬੰਧ ਸਨ ,ਉਨ੍ਹਾਂ ਵੱਲੋਂ ਵਾਰ- ਵਾਰ ਆਪਣੀ ਨੂੰਹ ਨੂੰ ਰੋਕਿਆ ਗਿਆ ,ਪਰ ਉਸਦੀ ਨੂੰਹ ਆਪਣੇ ਪ੍ਰੇਮੀ ਨਾਲ ਰਲ ਕੇ ਉਸਦੀ ਕੁੱਟ ਮਾਰ ਕਰਦੀ ਰਹੀ, ਜਦ ਰਣਬੀਰ ਸਿੰਘ ਨੂੰ ਵਿਦੇਸ਼ ਤੋਂ ਪਰਤਣ ਤੇ ਪਤਨੀ ਬਾਰੇ ਪਤਾ ਲੱਗਾ ਤਾਂ ਉਸਨੇ ਉਸਨੂੰ ਬਹੁਤ ਸਮਝਾਇਆ, ਪਰ ਉਹ ਪ੍ਰੇਮੀ ਨਾਲ ਰਲ ਕੇ ਉਸਦੀ ਵੀ ਕੁੱਟਮਾਰ ਕਰਨ ਲੱਗ ਪਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਪੋਤਰੇ ਸਨ ਜੋ ਆਪਣੀ ਮਾਂ ਦੇ ਕਥਿਤ ਪ੍ਰੇਮੀ ਨੂੰ ਘਰ ਆਉਣ ਤੋਂ ਰੋਕਦੇ ਸਨ ,ਕਰੋਨਾ ਦੌਰਾਨ ਉਨ੍ਹਾਂ ਦੇ ਇੱਕ ਪੋਤਰੇ ਦੀ ਵੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ ।ਪ੍ਰਕਾਸ਼ ਕੌਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪੈਰਾਂ ਹੇਠੋਂ ਉਸ ਸਮੇਂ ਜਮੀਨ ਖਿਸਕ ਗਈ ਜਦ ਉਨ੍ਹਾਂ ਪਤਾ ਲਗਾ ਕਿ ਉਸ ਦੀ ਨੂੰਹ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲੀਭੁਗਤ ਕਰਕੇ ਉਨ੍ਹਾਂ ਦਾ ਸਖਤ ਮਿਹਨਤ ਨਾਲ ਬਣਾਇਆ ਘਰ ਆਪਣੇ ਨਾਮ ਕਰਵਾ ਲਿਆ ਅਤੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਘਰੇਲੂ ਤਣਾਅ ਕਾਰਨ ਉਨ੍ਹਾਂ ਦਾ ਪੁੱਤ ਐਸੇ ਮੋੜ ਤੇ ਖੜ੍ਹਾ ਹੋ ਗਿਆ, ਜਿੱਥੇ ਉਸ ਨੇ ਦੁਖੀ ਹੋ ਕੇ ਮਿਤੀ 14 ਫਰਵਰੀ ਨੂੰ ਜਹਿਰ ਨਿਗਲ ਲਈ, ਜਿਸਨੂੰ ਇਲਾਜ ਲਈ ਸੁਖਮਨੀ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ,ਜਿੱਥੇ ਹਾਲਤ ਨਾਜੁਕ ਹੋਣ ਕਾਰਨ ਉਸਦੀ ਮੌਤ ਹੋ ਗਈ ।ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਦਰ ਜ਼ੀਰਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦੀ ਗਈ ਹੈ ।