40 ਕਰੋੜ ਦੀ ਪੰਚਾਇਤੀ ਜ਼ਮੀਨ ਦੇ ਮਾਮਲੇ ’ਚ ਮੋਹਾਲੀ ’ਚ ਸੈਂਕੜੇ ਲੋਕਾਂ ਦਾ ਰੋਸ ਪ੍ਰਦਰਸ਼ਨ 40 ਕਰੋੜ ਦੀ ਪੰਚਾਇਤੀ ਜ਼ਮੀਨ ਦੇ ਮਾਮਲੇ ’ਚ ਮੋਹਾਲੀ ’ਚ ਸੈਂਕੜੇ ਲੋਕਾਂ ਦਾ ਰੋਸ ਪ੍ਰਦਰਸ਼ਨ
Publish Date: Thu, 08 Oct 2026 05:35 PM (IST)
Updated Date: Fri, 09 Oct 2026 04:05 AM (IST)
ਕਬਜ਼ਾਧਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ, ਸਰਪੰਚ ਦੀ ਮੁਅੱਤਲੀ ’ਤੇ ਉੱਠੇ ਸਵਾਲ, ਵਿਕਾਸ ਭਵਨ ’ਚ ਗੂੰਜੇ ਸਰਕਾਰ ਤੇ ਵਿਧਾਇਕਾਂ ਖ਼ਿਲਾਫ਼ ਨਾਅਰੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਧੀਨ ਆਉਂਦੀ ਗ੍ਰਾਮ ਪੰਚਾਇਤ ਪੰਜੇ ਕੇ ਉਤਾੜ ਦੀ ਕਰੀਬ 40 ਕਰੋੜ ਰੁਪਏ ਦੀ ਕੀਮਤੀ ਪੰਚਾਇਤੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਅੱਜ ਉਸ ਸਮੇਂ ਗਰਮਾ ਗਿਆ, ਜਦੋਂ ਗੁਰੂਹਰਸਹਾਏ ਤੋਂ ਪਹੁੰਚੇ ਸੈਂਕੜੇ ਲੋਕਾਂ ਨੇ ਮੋਹਾਲੀ ਸਥਿਤ ਵਿਕਾਸ ਭਵਨ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਤਖ਼ਤੀਆਂ ਫੜ ਕੇ ਪੰਜਾਬ ਸਰਕਾਰ, ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਤੇ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ ’ਤੇ ਹੋਏ ਕਥਿਤ ਨਾਜਾਇਜ਼ ਕਬਜ਼ਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜੇਕਰ ਕਬਜ਼ੇ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ।ਪ੍ਰਦਰਸ਼ਨਕਾਰੀਆਂ ਦਾ ਮੁੱਖ ਸਵਾਲ ਸੀ ਕਿ ਜੇਕਰ ਪੰਚਾਇਤੀ ਜ਼ਮੀਨ ’ਤੇ ਕਥਿਤ ਕਬਜ਼ਿਆਂ ਦਾ ਮਾਮਲਾ ਪੰਚਾਇਤ ਵੱਲੋਂ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਤਾਂ ਕਬਜ਼ਾਧਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੰਚਾਇਤ ਦੇ ਸਰਪੰਚ ਰਮੇਸ਼ ਕੰਬੋਜ ਨੂੰ ਹੀ ਮੁਅੱਤਲ ਕਿਉਂ ਕੀਤਾ ਗਿਆ। ਸਰਪੰਚ ਰਮੇਸ਼ ਕੰਬੋਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪੰਚਾਇਤੀ ਜ਼ਮੀਨ ਨੂੰ ਕਥਿਤ ਕਬਜ਼ਿਆਂ ਤੋਂ ਬਚਾਉਣ ਤੇ ਜ਼ਮੀਨ ਨੂੰ ਕਬਜ਼ਾਮੁਕਤ ਕਰਵਾਉਣ ਲਈ ਵਿਭਾਗ ਕੋਲ ਆਵਾਜ਼ ਉਠਾਈ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਮਾਮਲਾ ਉਠਾਉਣ ਤੋਂ ਬਾਅਦ ਉਨ੍ਹਾਂ ’ਤੇ ਦਬਾਅ ਬਣਾਇਆ ਗਿਆ ਅਤੇ ਮਾਮਲਾ ਵਾਪਸ ਲੈਣ ਲਈ ਕਥਿਤ ਤੌਰ ’ਤੇ ਕਿਹਾ ਗਿਆ। ਰਮੇਸ਼ ਕੰਬੋਜ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹ ਪੰਚਾਇਤੀ ਜ਼ਮੀਨ ਦਾ ਮਾਮਲਾ ਲੈ ਕੇ ਵਿਭਾਗ ਦੇ ਡਾਇਰੈਕਟਰ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਆਪਣੇ ਹਲਕੇ ਦੇ ਵਿਧਾਇਕ ਨਾਲ ਗੱਲ ਕਰਨ ਲਈ ਕਿਹਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ “ਉੱਪਰੋਂ ਦਬਾਅ” ਹੋਣ ਦੀ ਗੱਲ ਵੀ ਕਹੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਉਹ ਆਪਣੀਆਂ ਮੰਗਾਂ ਲੈ ਕੇ ਡਾਇਰੈਕਟਰ ਦਫ਼ਤਰ ਪਹੁੰਚੇ ਸਨ ਪਰ ਉਨ੍ਹਾਂ ਨੂੰ ਲੰਮਾ ਸਮਾਂ ਦਫ਼ਤਰ ਦੇ ਬਾਹਰ ਬੈਠਣਾ ਪਿਆ। ਪ੍ਰਦਰਸ਼ਨਕਾਰੀਆਂ ਤੇ ਪੰਚਾਇਤ ਮੈਂਬਰਾਂ ਨੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਅਤੇ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ’ਤੇ ਮਾਮਲੇ ਵਿੱਚ ਕਥਿਤ ਦਖ਼ਲਅੰਦਾਜ਼ੀ ਅਤੇ ਦਬਾਅ ਬਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਵੀ ਨਿਰਪੱਖ ਜਾਂਚ ਹੋਵੇ। ਹਾਲਾਂਕਿ ਇਨ੍ਹਾਂ ਦੋਸ਼ਾਂ ਸਬੰਧੀ ਸਬੰਧਤ ਵਿਧਾਇਕਾਂ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ। ਰੋਸ ਪ੍ਰਦਰਸ਼ਨ ਤੋਂ ਬਾਅਦ ਲੋਕਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਪੰਚਾਇਤੀ ਜ਼ਮੀਨ ’ਤੇ ਕਥਿਤ ਕਬਜ਼ਿਆਂ ਦੀ ਨਿਰਪੱਖ ਜਾਂਚ, ਜ਼ਮੀਨ ਨੂੰ ਕਬਜ਼ਾਮੁਕਤ ਕਰਵਾਉਣ, ਕਥਿਤ ਸਿਆਸੀ ਅਤੇ ਪ੍ਰਸ਼ਾਸਨਿਕ ਦਖ਼ਲ ਦੀ ਜਾਂਚ ਅਤੇ ਸਰਪੰਚ ਰਮੇਸ਼ ਕੰਬੋਜ ਦੀ ਮੁਅੱਤਲੀ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ।ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਾਮਲੇ ਵਿੱਚ ਨਿਰਪੱਖ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।