ਐੱਚਆਰਐੱਸਟੀ ਪੰਜਾਬ ਟੀਮ ਨੇ ਫਿਰੋਜ਼ਪੁਰ ’ਚ ਬੀਐੱਸਐੱਫ ਜਵਾਨਾਂ ਨਾਲ ਮਨਾਈ ਰੱਖੜੀ ਐੱਚਆਰਐੱਸਟੀ ਪੰਜਾਬ ਟੀਮ ਨੇ ਫਿਰੋਜ਼ਪੁਰ ’ਚ ਬੀਐੱਸਐੱਫ ਜਵਾਨਾਂ ਨਾਲ ਮਨਾਈ ਰੱਖੜੀ
Publish Date: Sat, 22 Aug 2026 04:02 PM (IST)
Updated Date: Sat, 22 Aug 2026 04:03 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਐੱਚਆਰਐੱਸਟੀ ਪੰਜਾਬ ਦੀ ਟੀਮ ਨੇ ਫਿਰੋਜ਼ਪੁਰ ਵਿਖੇ ਏਕਲ ਫਾਊਂਡੇਸ਼ਨ ਆਫ ਇੰਡੀਆ ਨਾਲ ਮਿਲ ਕੇ ਬੀਐੱਸਐੱਫ ਅਧਿਕਾਰੀਆਂ ਅਤੇ ਜਵਾਨਾਂ ਨਾਲ ਰੱਖੜੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਇਸ ਖਾਸ ਮੌਕੇ ’ਤੇ ਐੱਚਆਰਐੱਸਟੀ ਪੰਜਾਬ ਟੀਮ ਦੇ ਪ੍ਰਮੁੱਖ ਅਹੁਦੇਦਾਰ ਅਤੇ ਮੈਂਬਰ ਵਿਪਨ ਚੋਪੜਾ ਪੰਜਾਬ ਪ੍ਰਧਾਨ, ਸਤੀਸ਼ ਧਵਨ ਜਨਰਲ ਸਕੱਤਰ ਪੰਜਾਬ, ਸੰਜੀਵ ਸ਼ਰਮਾ ਮੀਤ ਪ੍ਰਧਾਨ ਪੰਜਾਬ, ਮਨੀਸ਼ ਸੇਤੀਆ ਮੀਡੀਆ ਇੰਚਾਰਜ ਪੰਜਾਬ, ਪਰਵੀਨ ਤਲਵਾੜ ਅਤੇ ਰਾਜੀਵ ਵਧਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਟੀਮ ਦੇ ਮੈਂਬਰਾਂ ਨੇ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦੀ ਲੰਮੀ ਉਮਰ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਐੱਚਆਰਐੱਸਟੀ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬਹਾਦਰ ਜਵਾਨਾਂ ਨਾਲ ਇਹ ਖਾਸ ਦਿਨ ਮਨਾਉਣਾ ਉਨ੍ਹਾਂ ਲਈ ਬਹੁਤ ਵੱਡੇ ਮਾਣ ਤੇ ਵਡਿਆਈ ਵਾਲੀ ਗੱਲ ਹੈ। ਸਾਡੇ ਜਵਾਨ ਆਪਣਾ ਪਰਿਵਾਰ ਛੱਡ ਕੇ ਦੇਸ਼ ਦੀ ਸੁਰੱਖਿਆ ਲਈ ਦਿਨ-ਰਾਤ ਡਟੇ ਹੋਏ ਹਨ, ਇਸ ਲਈ ਉਨ੍ਹਾਂ ਨਾਲ ਖੁਸ਼ੀਆਂ ਵੰਡਣਾ ਸਾਡਾ ਫਰਜ਼ ਬਣਦਾ ਹੈ। ਇਸ ਭਾਵੁਕ ਮੌਕੇ ’ਤੇ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ’ਚ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਕਰਕੇ ਘਰ ਦੀ ਯਾਦ ਬਹੁਤ ਆਉਂਦੀ ਹੈ, ਪਰ ਅਜਿਹੇ ਉਪਰਾਲਿਆਂ ਨਾਲ ਉਨ੍ਹਾਂ ਨੂੰ ਪਰਿਵਾਰ ਦੀ ਘਾਟ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦਾ ਇਹ ਪਿਆਰ ਅਤੇ ਸਤਿਕਾਰ ਹੀ ਉਨ੍ਹਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰਦਾ ਹੈ।ਇਸ ਸਮਾਗਮ ਨੇ ਜਵਾਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਂਦੀ ਅਤੇ ਸਰਹੱਦ ’ਤੇ ਇੱਕ ਪਰਿਵਾਰਕ ਮਾਹੌਲ ਸਿਰਜਿਆ, ਜਿਸ ਦੀ ਸਭ ਨੇ ਸ਼ਲਾਘਾ ਕੀਤੀ।