ਐੱਸਆਈਆਰ ਦਾ ਕੰਮ ਜ਼ਿਲ੍ਹੇ ’ਚ ਸਫਲਤਾਪੂਰਵਕ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ‘ਹਾਊਸ-ਟੂ-ਹਾਊਸ ਐਨੂਮੇਰੇਸ਼ਨ’ ਦਾ ਕੰਮ ਜ਼ਿਲ੍ਹੇ ਵਿਚ ਸਫਲਤਾਪੂਰਵਕ ਮੁਕੰਮਲ: ਜ਼ਿਲ੍ਹਾ ਚੋਣ ਅਫ਼ਸਰ
Publish Date: Fri, 07 Aug 2026 05:43 PM (IST)
Updated Date: Fri, 07 Aug 2026 05:44 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿਚ ਐੱਸਆਈਆਰ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦੀ ਪ੍ਰਕਿਰਿਆ 25 ਜੂਨ ਤੋਂ ਸ਼ੁਰੂ ਹੋਈ ਸੀ ਅਤੇ 12 ਅਕਤੂਬਰ ਤੱਕ ਚੱਲਣੀ ਹੈ। ਸਭ ਤੋਂ ਪਹਿਲਾ ਪੜਾਅ ‘ਹਾਊਸ-ਟੂ-ਹਾਊਸ ਐਨੁਮਰੇਸ਼ਨ’ ਦਾ ਸੀ, ਜੋ ਕਿ 3 ਅਗਸਤ ਨੂੰ ਜ਼ਿਲ੍ਹੇ ਵਿਚ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰਦੀਪਸ਼ਿਖਾ ਸ਼ਰਮਾ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹੇ ਦੇ 903 ਬੀਐੱਲਓ, 91 ਸੁਪਰਵਾਈਜ਼ਰਜ਼, 4 ਈਆਰਓਜ਼ ਅਤੇ ਚੋਣ ਅਮਲੇ ਵੱਲੋਂ ਦਿਨ-ਰਾਤ ਮਿਹਨਤ ਕਰਕੇ ਇਸ ਕੰਮ ਨੂੰ ਮੁਕੰਮਲ ਕਰ ਲਿਆ ਹੈ। ਇਸਦੇ ਨਾਲ ਹੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਅਤੇ ਮੀਡੀਆ ਦੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਵੋਟਰਾਂ ਦੀ 92.47% ਡਿਜੀਟਾਈਜੇਸ਼ਨ ਮੁਕੰਮਲ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਅੰਕੜੇ ਅਤੇ ਜ਼ਿਲ੍ਹੇ ਦੀ ਰਿਪੋਰਟ ਸਾਂਝੀ ਕਰਦਿਆ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਕੁੱਲ 717773 ਵੋਟਰਾਂ ਵਿੱਚੋਂ 6,63,744 ਵੋਟਰਾਂ ਦਾ ਗਣਨਾ ਫਾਰਮ ਪ੍ਰਾਪਤ ਕਰਕੇ ਡਿਜ਼ੀਟਾਈਜ਼ ਕੀਤਾ ਜਾ ਚੁੱਕਿਆ ਹੈ, ਜੋ ਕਿ ਕੁੱਲ ਵੋਟਰਾਂ ਦਾ 92.47 ਪ੍ਰਤੀਸ਼ਤ ਬਣਦਾ ਹੈ ਅਤੇ ਬਾਕੀ ਰਹਿ ਗਏ 54,029 ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਨਹੀਂ ਹੋਏ ਹਨ। ਜਿਸ ਵਿਚ ਪ੍ਰਮੁੱਖ ਤੌਰ ’ਤੇ 20,707 ਵੋਟਰਾਂ ਦੀ ਮੌਤ ਹੋ ਜਾਣ ਕਾਰਨ ਅਤੇ 24,442 ਵੋਟਰਾਂ ਵੱਲੋਂ ਆਪਣੀ ਰਿਹਾਇਸ਼ ਪੱਕੇ ਤੌਰ ’ਤੇ ਹੋਰ ਸ਼ਹਿਰਾਂ/ਥਾਵਾਂ ’ਤੇ ਸ਼ਿਫਟ ਹੋਣ ਕਰਕੇ ਗਣਨਾ ਫਾਰਮ ਪ੍ਰਾਪਤ ਨਹੀਂ ਹੋਏ ਹਨ। 6 ਨੰਬਰ ਫਾਰਮ ਭਰ ਕੇ ਵੋਟਰ ਦਾ ਨਾਮ ਕਰਵਾਇਆ ਜਾ ਸਕਦੈ ਦਰਜ ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ’ਤੇ ਇਹ ਜਾਣਕਾਰੀ ਦਿੱਤੀ ਗਈ ਕਿ ਜੇਕਰ ਡਰਾਫਟ ਵੋਟਰ ਸੂਚੀ ਵਿੱਚ ਕਿਸੇ ਵੋਟਰ ਦਾ ਨਾਮ ਦਰਜ ਨਹੀਂ ਹੈ ਤਾਂ ਉਹ 13 ਅਗਸਤ ਤੋਂ 12 ਸਤੰਬਰ (30 ਦਿਨ) ਤੱਕ ਆਪਣਾ ਫਾਰਮ ਨੰਬਰ 6 ਭਰ ਕੇ ਆਪਣੇ ਚੋਣਕਾਰ ਰਜਿਸਟਰੇਸ਼ਨ ਅਫਸਰ ਜਾਂ ਆਪਣੇ ਬੂਥ ਲੈਵਲ ਅਫ਼ਸਰ ਕੋਲ ਦੁਬਾਰਾ ਦਾਅਵਾ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 13 ਅਗਸਤ 2026 ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰਵਾਈ ਜਾਵੇਗੀ ਅਤੇ ਵੋਟਰ ਸੂਚੀ ਦੀ ਕਾਪੀ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਵੋਟਰ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰ ਅਤੇ ਬੂਥ ਲੈਵਲ ਅਫ਼ਸਰਾਂ ਪਾਸ ਵੀ ਉਪਲੱਬਧ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੀ ਵੋਟ ਅਨਮੈਪਡ ਰਹਿ ਗਈ ਹੈ, ਜੋ ਕਿ ਸਿਰਫ਼ 35,251 ਹਨ ਨੂੰ 13 ਅਗਸਤ ਤੋਂ ਨੋਟਿਸ ਭੇਜੇ ਜਾਣਗੇ। ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਵੇਗਾ, ਉਹ ਨੋਟਿਸ ਦੇ ਜੁਆਬ ਵਜੋਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ 12 ਦਸਤਾਵੇਜਾਂ ਦੀ ਸੂਚੀ ਵਿੱਚੋ ਕੋਈ ਵੀ ਦਸਤਾਵੇਜ ਜਿਵੇ ਕਿ ਜਨਮ ਸਰਟੀਫਿਕੇਟ ਜਾਂ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਆਦਿ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਪਾਸ ਜਮ੍ਹਾ ਕਰਵਾ ਸਕਦੇ ਹਨ ਅਤੇ ਇਸ ਉਪਰੰਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸੁਣਵਾਈ ਕਰਕੇ ਆਪਣਾ ਆਰਡਰ ਪਾਸ ਕਰਨਗੇ ਅਤੇ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਜ਼ਿਲ੍ਹੇ ’ਚ 29 ਪੋਲਿੰਗ ਬੂਥਾਂ ਦੇ ਵਾਧੇ ਨਾਲ ਕੁੱਲ ਗਿਣਤੀ 932 ਹੋਈ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਪਹਿਲਾਂ 903 ਪੋਲਿੰਗ ਬੂਥ ਸਨ ਅਤੇ ਹੁਣ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਰੈਸ਼ਨੇਲਾਈਜੇਸ਼ਨ ਉਪਰੰਤ ਹੁਣ ਜ਼ਿਲ੍ਹੇ ਵਿੱਚ 29 ਪੋਲਿੰਗ ਬੂਥ ਵਧ ਕੇ 932 ਪੋਲਿੰਗ ਬੂਥ ਹੋ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਜ਼ਿਲ੍ਹਾ ਵਾਸੀਆਂ, ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦਿਆਂ ਅਤੇ ਮੀਡੀਆ ਸਾਥੀਆਂ ਨੂੰ ਅਪੀਲ ਕੀਤੀ ਕਿ ਐੱਸਆਈਆਰ ਦੇ ਅਗਲੇ ਪੜਾਅ ਵਿਚ ਵੀ ਪਹਿਲਾਂ ਦੀ ਤਰ੍ਹਾਂ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਐੱਸਆਈਆਰ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।