ਸੱਭਿਆਚਾਰਕ ਪ੍ਰੋਗਰਾਮ ’ਚ ਯੋਗਦਾਨ ਲਈ 65 ਪ੍ਰਿੰਸੀਪਲ ਤੇ ਗਤੀਵਿਧੀ ਇੰਚਾਰਜ ਸਨਮਾਨੇ ਸਿੱਖਿਆ ਵਿਭਾਗ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਵਾਲੇ 65 ਪ੍ਰਿੰਸੀਪਲ ਤੇ ਗਤੀਵਿਧੀਆਂ ਇੰਚਾਰਜਾਂ ਦਾ ਸਨਮਾਨ
Publish Date: Wed, 26 Aug 2026 04:50 PM (IST)
Updated Date: Wed, 26 Aug 2026 04:52 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ-2026 ਦੌਰਾਨ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੇ ਗਏ ਬੇਮਿਸਾਲ ਸੱਭਿਆਚਾਰਕ ਪ੍ਰੋਗਰਾਮ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ 65 ਤੋਂ ਵੱਧ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਨਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਅਤੇ ਸਹਾਇਕ ਕਮਿਸ਼ਨਰ ਹਿਮਾਂਸ਼ੂ ਵੱਲੋਂ ਭੇਟ ਕੀਤਾ ਗਿਆ। ਆਜ਼ਾਦੀ ਦਿਵਸ ਦੇ ਇਸ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਸੀ। ਇਸ ਮੌਕੇ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਦੀ ਉੱਚ ਅਧਿਕਾਰੀਆਂ ਦੀ ਟੀਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਦੀ ਯੋਗ ਰਹਿਨੁਮਾਈ ਹੇਠ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਵਿਚ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਦਾ ਸੁਮੇਲ ਦੇਖਣ ਨੂੰ ਮਿਲਿਆ ਜਿਨ੍ਹਾਂ ਵਿਚ ਐੱਨਸੀਸੀ, ਸਕਾਊਟ ਐਂਡ ਗਾਈਡ, ਸਕੂਲ ਬੈਂਡ, ਪੀ.ਟੀ. ਸ਼ੋਅ, ਯੋਗਾ, ਗਿੱਧਾ ਅਤੇ ਭੰਗੜਾ। ਡੀਏਵੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ’ਤੇ ਆਧਾਰਿਤ ਨਾਟਕ, ਦਾਸ ਐਂਡ ਬਰਾਊਨ ਵਰਲਡ ਸਕੂਲ ਵੱਲੋਂ ‘ਮਾਵਾਂ-ਧੀਆਂ ਦਾ ਸਤਿਕਾਰ’, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਪੁਰਾਤਨ ਵਿਰਸੇ ਦੀ ਝਲਕ, ਅਤੇ ਜੀਜੀਐੱਸ ਵਰਲਡ ਸਕੂਲ ਮੱਲਾਂਵਾਲਾ ਖ਼ਾਸ ਵੱਲੋਂ ‘ਅਖੰਡ ਭਾਰਤ’ ਦੀ ਭਾਵਨਾ ਨੂੰ ਦਰਸਾਉਂਦੀ ਝਾਂਕੀ। ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ਾਲ ਪ੍ਰੋਗਰਾਮ ਨੂੰ ਸਟੇਟ ਐਵਾਰਡੀ ਅਧਿਆਪਕ ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾ ਅਤੇ ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਸੀ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਜਿਵੇਂ ਡਾ. ਪ੍ਰਵੀਨ ਔਲ, ਪਿੰਕੀ ਨਰੂਲਾ, ਨੀਰੂ ਗੁਪਤਾ, ਪਰਮਜੀਤ ਕੌਰ ਤੇ ਹੋਰ ਪ੍ਰਮੁੱਖ ਅਧਿਆਪਕ ਹਾਜ਼ਰ ਸਨ।