ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਸ਼ ਯਾਤਰਾ ਮੁੱਦਕੀ ਪੁੱਜੀ ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਮੁੱਦਕੀ ਪੁੱਜੀ
Publish Date: Sat, 08 Aug 2026 05:00 PM (IST)
Updated Date: Sat, 08 Aug 2026 05:02 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮਮਦੋਟ : ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 650ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਦੇਸ਼ ਭਰ ਵਿਚ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ, ਗੁਰੂ ਜੀ ਦੀ ਜਨਮ ਭੂਮੀ ਤੋਂ ਲਿਆਂਦਾ ਪਾਵਨ ਕਲਸ਼ ਕਸਬਾ ਮੁੱਦਕੀ ਵਿਖੇ ਪਹੁੰਚਿਆ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਧਾਰਮਿਕ ਸੰਗਤਾਂ ਵੱਲੋਂ ਇਸ ਪਾਵਨ ਕਲਸ਼ ਦਾ ਨਿੱਘਾ ਸਵਾਗਤ ਕੀਤਾ ਗਿਆ। ਜਗਤ ਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੇ ਦੇਸ਼ ਵਿੱਚ ਧਾਰਮਿਕ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਲੜੀ ਅਧੀਨ ਸ਼੍ਰੀ ਗੁਰੂ ਰਵੀਦਾਸ ਜੀ ਦੀ ਪਵਿੱਤਰ ਜਨਮ ਭੂਮੀ (ਬਨਾਰਸ) ਤੋਂ ਲਿਆਂਦਾ ਗਿਆ ਪਾਵਨ ਕਲਸ਼, ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਬਾਠ ਦੀ ਦੇਖ-ਰੇਖ ਵਿਚ ਅਤੇ ਭਾਜਪਾ ਮੰਡਲ ਮੁੱਦਕੀ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਦੀ ਯੋਗ ਅਗਵਾਈ ਹੇਠ ਕਸਬਾ ਮੁੱਦਕੀ ਵਿਖੇ ਪਹੁੰਚਾਇਆ ਗਿਆ। ਮੁੱਦਕੀ ਵਿਖੇ ਕਲਸ਼ ਦੇ ਪਹੁੰਚਣ ’ਤੇ ਭਾਜਪਾ ਦੇ ਜ਼ਿਲ੍ਹਾ ਆਗੂ ਅਮਰਜੀਤ ਸਿੰਘ ਘਾਰੂ ਅਤੇ ਸਮੁੱਚੀ ਭਾਜਪਾ ਟੀਮ ਵੱਲੋਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਇਸ ਦਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਹ ਪਾਵਨ ਕਲਸ਼ ਸਭ ਤੋਂ ਪਹਿਲਾਂ ਭਗਵਾਨ ਵਾਲਮੀਕਿ ਮੰਦਰ ਮੁੱਦਕੀ ਵਿਖੇ ਲਿਜਾਇਆ ਗਿਆ, ਜਿੱਥੇ ਇਲਾਕੇ ਦੀਆਂ ਸ਼ਰਧਾਲੂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕਲਸ਼ ਪ੍ਰਤੀ ਆਪਣੀ ਅਗਾਧ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਧਾਰਮਿਕ ਮੌਕੇ ਤੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਦਾ ਸੁਨੇਹਾ ਦਿੰਦਿਆਂ ਮੰਦਰ ਪਰਿਸਰ ਵਿਚ ਪੌਦੇ ਵੀ ਲਗਾਏ ਗਏ। ਇਸ ਤੋਂ ਉਪਰੰਤ ਪਾਵਨ ਕਲਸ਼ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ ਮੁੱਦਕੀ ਵਿਖੇ ਪਹੁੰਚੀ। ਮੰਦਿਰ ਦੇ ਪੰਡਤ ਗੋਵਿੰਦ ਰਾਮ, ਪ੍ਰਾਚੀਨ ਸ਼ਿਵ ਮੰਦਰ ਕਮੇਟੀ ਮੁੱਦਕੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਸੀਤਲ ਕੁਮਾਰ ਅਗਰਵਾਲ, ਲੱਕੀ ਸ਼ਰਮਾ, ਭਾਰਤ ਭੂਸ਼ਨ ਅਗਰਵਾਲ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਪੂਰੀ ਸ਼ਰਧਾ-ਭਾਵਨਾ ਨਾਲ ਕਲਸ਼ ਦਾ ਸਵਾਗਤ ਕੀਤਾ ਅਤੇ ਮਾਨਵਤਾ ਦੀ ਭਲਾਈ ਲਈ ਅਰਦਾਸ ਕੀਤੀ।ਇਸ ਅਲੌਕਿਕ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀਆਂ ਪਵਿੱਤਰ ਸਿੱਖਿਆਵਾਂ, ਆਪਸੀ ਭਾਈਚਾਰੇ, ਸਮਾਨਤਾ ਅਤੇ ਮਾਨਵਤਾ ਦੀ ਸੇਵਾ ਦੇ ਉਪਦੇਸ਼ਾਂ ’ਤੇ ਚੱਲਣ ਦਾ ਪ੍ਰਣ ਲਿਆ।