ਐੱਚਆਈਵੀ./ਏਡਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਖੇ ਐੱਚ.ਆਈ.ਵੀ./ਏਡਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
Publish Date: Fri, 20 Nov 2026 05:56 PM (IST)
Updated Date: Sat, 21 Nov 2026 04:01 AM (IST)
ਬਿਮਾਰੀ ਤੋਂ ਬਚਾਅ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਦਿੱਤੀ ਜਾਣਕਾਰੀ ‘ਨੋ ਏਡਜ਼, ਨੋ ਫੀਅਰ’ ਦਾ ਲਿਆ ਸੰਕਲਪ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਥਾਨਕ ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਐੱਚਆਈਵੀ./ਏਡਜ਼ ਵਰਗੀ ਗੰਭੀਰ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਐਡਵੋਕੇਟ ਜਸਦੀਪ ਬਜਾਜ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੀ ਸੁਸ਼੍ਰੀ ਤੁਨਿਸ ਅਰੋੜਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਐੱਚਆਈਵੀ ਤੋਂ ਬਚਾਅ ਦੇ ਤਰੀਕਿਆਂ, ਸਮਾਜ ਵਿੱਚ ਇਸ ਬਿਮਾਰੀ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਅਤੇ ਭਰਮ-ਭੁਲੇਖਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਚਆਈਵੀ ਪੀੜਤਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਸਮਾਜ ਵੱਲੋਂ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਤੇ ਹਮਦਰਦੀ ਭਰਿਆ ਵਿਵਹਾਰ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਐੱਚ.ਆਈ.ਵੀ. ਛੂਹਣ ਜਾਂ ਇਕੱਠੇ ਬੈਠਣ ਨਾਲ ਨਹੀਂ ਫੈਲਦਾ, ਸਗੋਂ ਸਹੀ ਜਾਣਕਾਰੀ ਅਤੇ ਜਾਗਰੂਕਤਾ ਹੀ ਇਸ ਬਿਮਾਰੀ ਤੋਂ ਸਭ ਤੋਂ ਵੱਡਾ ਬਚਾਅ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਨੇ ਏਡਜ਼ ਨੂੰ ਜਾਣੋ, ਡਰੋ ਨਾ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਸਸੀ ਸਾਂਵਲਕਾ, ਸਕੱਤਰ ਰਜਨੀਸ਼ ਸਾਂਵਲਕਾ, ਡਾਇਰੈਕਟਰ ਐੱਸਪੀ ਆਨੰਦ ਤੇ ਡਾ. ਪ੍ਰਵੀਨ ਔਲ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜਿਕ ਚੇਤਨਾ ਲਈ ਅਜਿਹੇ ਜਾਗਰੂਕਤਾ ਸੈਮੀਨਾਰ ਨਿਰੰਤਰ ਕਰਵਾਉਂਦਾ ਰਹੇਗਾ।