ਬਿਮਾਰਾਂ ਦੇ ਇਲਾਜ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਹੋਵੇਗਾ ਮੁਫ਼ਤ ਇਲਾਜ : ਡਾ. ਬਲਬੀਰ ਸਿੰਘ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਹਜ਼ਾਰਾ ਵਾਲਾ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Publish Date: Sun, 05 Apr 2026 04:05 PM (IST)
Updated Date: Sun, 05 Apr 2026 04:07 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਫੈਲੀ ਲੈਪਟੋਸਪਾਇਰੋਸਿਸ ਬਿਮਾਰੀ ਕਾਰਨ ਪਿੰਡ ਵਾਲਿਆਂ ਦਾ ਹਾਲ ਜਾਣਨ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ, ਡਾ. ਹਤਿੰਦਰ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖ਼ੇ ਪਹੁੰਚ ਕੇ ਦੂਸ਼ਿਤ ਪਾਣੀ ਪੀਣ ਕਾਰਨ ਬੀਮਾਰ ਹੋਏ ਪਿੰਡ ਵਾਸੀਆਂ ਦੇ ਇਲਾਜ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਅਤੇ ਪਿੰਡ ਵਿਚ ਸਾਫ ਸਫਾਈ ਕਰਾਉਣ ਲਈ ਵੀ ਕਿਹਾ ਗਿਆ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕ੍ਰਿਸ਼ਨਾ ਪਾਲ ਰਾਜਪੂਤ ਅਤੇ ਐੱਸਸਡੀਐੱਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਵੀ ਹਾਜ਼ਰ ਸਨ। ਸਿਹਤ ਮੰਤਰੀ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਪਿੰਡ ਵਿਚ ਮੈਡੀਕਲ ਕੈਂਪ, ਲੋਕਾਂ ਦੀ ਸਿਹਤ ਜਾਂਚ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਹਰ ਵੇਲੇ ਹੋਣਾ ਚਾਹੀਦਾ ਹੈ ਅਤੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਢਲੀ ਸਹੂਲਤ ਤੋਂ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਪਿੰਡ ਵਿਚ ਬਿਮਾਰ ਹੋਏ ਲੋਕਾਂ ਦੀ ਸਥਿਤੀ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਸ਼ਕਲ ਘੜੀ ਵਿਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਮਰੀਜ਼ਾਂ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਮਰੀਜ਼ਾਂ ਦਾ ਬਿਲਕੁਲ ਮੁਫਤ ਇਲਾਜ ਹੋਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਪਿੰਡ ਵਿਚ ਗੋਹਾ-ਕੂੜੇ ਵਾਲੀਆਂ ਰੂੜੀਆਂ ਨਾ ਲਾਉਣ ਅਤੇ ਪਿੰਡ ਵਿਚ ਪੂਰੀ ਤਰ੍ਹਾਂ ਸਫਾਈ ਰੱਖੀ ਜਾਵੇ ਤੇ ਜਦੋਂ ਵੀ ਕੋਈ ਗੋਹੇ ਕੂੜੇ ਜਾਂ ਗੰਦੇ ਪਾਣੀ ਵਾਲਾ ਕੋਈ ਕੰਮ ਕਰਨਾ ਹੈ ਤਾਂ ਦਸਤਾਨੇ ਪਾ ਕੇ ਪੂਰੀ ਸਾਵਧਾਨੀ ਵਰਤ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕੇ ਪਸ਼ੂਆਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲੱਗਾ ਹੋਇਆ ਹੈ ਅਤੇ ਇਸ ਕੈਂਪ ਵਿਚ ਹਰੇਕ ਪਿੰਡ ਵਾਸੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਵਿਧਾ 10 ਲੱਖ ਦੇ ਮੁਫਤ ਇਲਾਜ ਵਾਲਾ ਕਾਰਡ ਜ਼ਰੂਰ ਬਣਾਉਣ, ਇਸ ਸਬੰਧੀ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਪਿੰਡ ਦਾ ਕੋਈ ਵੀ ਵਿਅਕਤੀ ਇਸ ਕਾਰਡ ਪੱਖੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਅਤੇ ਹਰੇਕ ਪਿੰਡ ਵਾਸੀ ਦਾ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲਾ ਕਾਰਡ ਬਣਨਾ ਚਾਹੀਦਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਲੱਛਣ ਹੋਣ ਤੇ ਤੁਰੰਤ ਡਾਕਟਰੀ ਇਲਾਜ ਕਰਵਾਉਣ। ਇਸ ਮੌਕੇ ਪਿੰਡ ਵਾਸੀਆਂ ਨੇ ਆਪਣੀਆਂ ਹੋਰ ਸਮੱਸਿਆਵਾਂ ਵੀ ਸਿਹਤ ਮੰਤਰੀ ਨੂੰ ਦੱਸੀਆਂ ਜਿਨਾਂ ਦੇ ਯੋਗ ਹੱਲ ਲਈ ਸਿਹਤ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਡਾ. ਅਵਨੀਸ਼ ਕੁਮਾਰ ਡੀਆਰਐੱਮਈ, ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ, ਡਾ. ਮਨਮੀਤ ਕੌਰ ਸਟੇਟ ਪ੍ਰੋਗਰਾਮ ਅਫ਼ਸਰ ਆਈਡੀਐੱਸਪੀ, ਡਾ. ਦੀਪਤੀ ਸ਼ਰਮਾ ਸਟੇਟ ਐਪੀਡੀਮੋਲੋਜਿਸਟ ਆਈਡੀਐੱਸਪੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ।