ਸਿਹਤ ਵਿਭਾਗ ਨੇ 88 ਕਿਲੋ ਸ਼ੱਕੀ ਗੱਚਕ ਕੀਤੀ ਸੀਲ ਜੀਰਾ ’ਚ 88 ਕਿਲੋ ਸ਼ੱਕੀ ਗੱਜਕ ਕੀਤੀ ਸੀਲ
Publish Date: Thu, 22 Oct 2026 09:20 PM (IST)
Updated Date: Fri, 23 Oct 2026 04:04 AM (IST)
ਤਿਉਹਾਰਾਂ ’ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਖ਼ਦਸ਼ਾ, ਮੋਗਾ ਤੋਂ ਲਿਆਂਦੀ ਗਈ ਸੀ ਗੱਚਕ, ਨਿਰਮਾਣ ਤੇ ਪੈਕਿੰਗ ਦੀ ਮਿਤੀ ਸਮੇਤ ਲੋੜੀਂਦੇ ਵੇਰਵੇ ਨਹੀਂ ਮਿਲੇ, ਸੈਂਪਲ ਜਾਂਚ ਲਈ ਚੰਡੀਗੜ੍ਹ ਭੇਜੇ ਪੰਜਾਬੀ ਜਾਗਰਣ ਰਿਪੋਰਟਰ, ਜੀਰਾ /ਫਿਰੋਜ਼ਪੁਰ : ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਅਤੇ ਹੋਰ ਖਾਧ ਪਦਾਰਥਾਂ ਦੀ ਵਿਕਰੀ ਵਧਣ ਦੇ ਨਾਲ ਹੀ ਖਾਧ ਪਦਾਰਥਾਂ ਦੀ ਗੁਣਵੱਤਾ ’ਤੇ ਨਿਗਰਾਨੀ ਵੀ ਅਹਿਮ ਹੋ ਗਈ ਹੈ। ਇਸੇ ਦੌਰਾਨ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਜੀਰਾ ਵਿਖੇ ਜਾਂਚ ਦੌਰਾਨ ਲਗਭਗ 88 ਕਿਲੋ ਸ਼ੱਕੀ ਗੱਚਕ ਸੀਲ ਕਰ ਕੇ ਜ਼ਬਤੀ ਦੀ ਕਾਰਵਾਈ ਕੀਤੀ ਹੈ। ਵਿਭਾਗ ਨੇ ਗੱਚਕ ਦੇ ਸੈਂਪਲ ਲੈ ਕੇ ਜਾਂਚ ਲਈ ਚੰਡੀਗੜ੍ਹ ਸਥਿਤ ਲੈਬਾਰਟਰੀ ਵਿੱਚ ਭੇਜ ਦਿੱਤੇ ਹਨ। ਹੁਣ ਲੈਬਾਰਟਰੀ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਗੱਜਕ ਦੀ ਗੁਣਵੱਤਾ ਅਤੇ ਸੁਰੱਖਿਆ ਨਿਰਧਾਰਤ ਮਾਪਦੰਡਾਂ ਅਨੁਸਾਰ ਹੈ ਜਾਂ ਨਹੀਂ। ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਕਰੀ ਲਈ ਰੱਖੀ ਗਈ ਗੱਚਕ ’ਤੇ ਨਿਰਮਾਣ ਜਾਂ ਪੈਕਿੰਗ ਦੀ ਮਿਤੀ ਅਤੇ ਲੋੜੀਂਦੇ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਸਬੰਧੀ ਵੇਰਵੇ ਮੌਜੂਦ ਨਹੀਂ ਸਨ। ਇਸ ਤੋਂ ਇਲਾਵਾ, ਪੈਕਿੰਗ ਸਬੰਧੀ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਾ ਹੋਣ ਦੇ ਨੁਕਤੇ ਵੀ ਸਾਹਮਣੇ ਆਏ। ਮੁੱਢਲੀ ਜਾਣਕਾਰੀ ਅਨੁਸਾਰ ਇਹ ਗੱਚਕ ਮੋਗਾ ਤੋਂ ਲਿਆਂਦੀ ਗਈ ਸੀ। ਇਸ ਕਾਰਵਾਈ ਨੇ ਖਾਧ ਪਦਾਰਥਾਂ ਦੀ ਸਪਲਾਈ ਅਤੇ ਵਿਕਰੀ ਦੌਰਾਨ ਲੇਬਲਿੰਗ ਤੇ ਕਾਨੂੰਨੀ ਮਾਪਦੰਡਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ, ਗੱਚਕ ਵਿੱਚ ਮਿਲਾਵਟ ਹੋਣ ਜਾਂ ਇਸ ਦੇ ਸਿਹਤ ਲਈ ਹਾਨੀਕਾਰਕ ਹੋਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਸ ਦਾ ਫ਼ੈਸਲਾ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਹੋਵੇਗਾ।ਹੁਣ ਇਸ ਮਾਮਲੇ ਵਿੱਚ ਅਹਿਮ ਸਵਾਲ ਇਹ ਵੀ ਹੋਵੇਗਾ ਕਿ ਗੱਚਕ ਕਿੱਥੇ ਤਿਆਰ ਕੀਤੀ ਗਈ ਸੀ ਅਤੇ ਇਸ ਦੀ ਸਪਲਾਈ ਲੜੀ ਵਿੱਚ ਹੋਰ ਕਿਹੜੇ ਕਾਰੋਬਾਰੀ ਸ਼ਾਮਲ ਹਨ। ਰਿਪੋਰਟ ਮਗਰੋਂ ਹੋਵੇਗੀ ਅਗਲੀ ਕਾਰਵਾਈ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਨੁਸਾਰ ਲੈਬਾਰਟਰੀ ਦੀ ਰਿਪੋਰਟ ਮਿਲਣ ਤੋਂ ਬਾਅਦ ਨਤੀਜਿਆਂ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਲਾਗੂ ਨਿਯਮਾਂ ਤਹਿਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਦੁਕਾਨਦਾਰਾਂ ਅਤੇ ਖਾਧ ਪਦਾਰਥਾਂ ਦੇ ਵਿਕਰੇਤਾਵਾਂ ਨੂੰ ਲਾਇਸੈਂਸ, ਲੇਬਲਿੰਗ, ਪੈਕਿੰਗ ਅਤੇ ਸਫ਼ਾਈ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।