ਦੋ ਰੋਜ਼ਾ ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਆਗਾਜ਼
ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵੱਲੋਂ ਦੋ ਰੋਜ਼ਾ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਦਾ ਆਗਾਜ਼
Publish Date: Wed, 25 Feb 2026 03:29 PM (IST)
Updated Date: Wed, 25 Feb 2026 03:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫਿਰੋਜ਼ਪੁਰ ਵੱਲੋਂ ਮਾਨਵਤਾ ਦੀ ਸੇਵਾ ਹਿੱਤ ਦੋ ਰੋਜ਼ਾ 25 ਅਤੇ 26 ਫਰਵਰੀ ਮੁਫ਼ਤ ਸ਼ੂਗਰ ਚੈੱਕਅੱਪ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਧਰਮਪਾਲ ਬਾਂਸਲ, ਡਾਇਰੈਕਟਰ ਯੋਗਸ਼ ਬਾਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਲਤਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਕਾਲਜ ਕੈਂਪਸ ਵਿਚ ਲਗਾਏ ਗਏ ਇਸ ਕੈਂਪ ਦੌਰਾਨ ਕਾਲਜ ਦਾ ਸਮੁੱਚਾ ਸਟਾਫ਼ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਦੇ ਪਹਿਲੇ ਦਿਨ ਲਗਭਗ 100 ਤੋਂ 150 ਮਰੀਜ਼ਾਂ ਦੀ ਸ਼ੂਗਰ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ। ਇਸ ਦੌਰਾਨ ਮਾਹਿਰ ਡਾਕਟਰ ਲਾਰਡਿਸ ਗੁਲੇਰੀਆ ਅਤੇ ਡਾ. ਅਨੁਜਾ ਨੇ ਮਰੀਜ਼ਾਂ ਨੂੰ ਸ਼ੂਗਰ ਦੇ ਰੋਗ, ਇਸ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਅਸੀਂ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਵਿਚ ਸੁਧਾਰ ਕਰਕੇ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਡਾਕਟਰਾਂ ਨੇ ਜ਼ੋਰ ਦਿੱਤਾ ਕਿ ਆਯੁਰਵੇਦ ਰਾਹੀਂ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਇਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ ਅਤੇ ਕਾਲਜ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।