ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਅਰਮਾਨਪੁਰਾ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਗੁਰੂ ਰਾਮਦਾਸਪੁਰੀ ਅਰਮਾਨਪੁਰਾ ਵਿਖੇ ਸ਼ਰਧਾ ਨਾਲ ਮਨਾਇਆ
Publish Date: Thu, 29 Oct 2026 04:58 PM (IST)
Updated Date: Fri, 30 Oct 2026 04:02 AM (IST)
-ਰਾਗੀ ਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ, ਮੁੱਖ ਸੇਵਾਦਾਰ ਨੇ ਦਿੱਤੀ ਵਧਾਈ ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਗੁਰੂ ਰਾਮਦਾਸਪੁਰੀ ਅਰਮਾਨਪੁਰਾ (ਆਂਸਲ) ਵਿਖੇ ਬਹੁਤ ਹੀ ਸ਼ਰਧਾ ਭਾਵਨਾ, ਉਤਸ਼ਾਹ ਅਤੇ ਮਰਿਆਦਾ ਨਾਲ ਮਨਾਇਆ ਗਿਆ ਹੈ। ਇਸ ਸਬੰਧ ਵਿਚ 27 ਅਕਤੂਬਰ 2026 (11 ਕੱਤਕ) ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ 29 ਅਕਤੂਬਰ 2026 (13 ਕੱਤਕ) ਨੂੰ ਪਾਏ ਗਏ। ਭੋਗ ਪਾਉਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਦੇਸ਼-ਦੁਨੀਆ ਅਤੇ ਇਲਾਕੇ ਭਰ ਤੋਂ ਪਹੁੰਚੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਸੰਤ ਬਾਬਾ ਅਵਤਾਰ ਸਿੰਘ (ਸੰਪਰਦਾਇ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ), ਸੰਤ ਬਾਬਾ ਗੁਰਬਚਨ ਸਿੰਘ, ਸੰਤ ਬਾਬਾ ਸੁੱਚਾ ਸਿੰਘ ਜੀ ਠਾਠ ਨਾਨਕਸਰ ਛਾਂਗਾ ਖੁਰਦ, ਸੰਤ ਬਾਬਾ ਬੋਹੜ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਅਤੇ ਬਾਬਾ ਸੁਖਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਜਾਮਨੀ ਸਾਹਿਬ ਵਾਲੇ, ਭਾਈ ਬਲਵੀਰ ਸਿੰਘ ਪਾਰਸ, ਭਾਈ ਬੋਹੜ ਸਿੰਘ ਢਾਡੀ ਜੱਥਾ ਅਤੇ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਰਸਭਿੰਨੇ ਕੀਰਤਨ, ਕਥਾ ਵਿਚਾਰਾਂ ਅਤੇ ਕਵੀਸ਼ਰੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਗਤ ਬਾਬਾ ਮਿਲਖਾ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦੀ ਚੂਨਾ ਮੰਡੀ ਵਿਖੇ ਪਿਤਾ ਹਰੀਦਾਸ ਜੀ ਅਤੇ ਮਾਤਾ ਦਯਾ ਕੌਰ ਜੀ ਦੇ ਘਰ ਹੋਇਆ ਸੀ ਅਤੇ ਆਪ ਜੀ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ। ਬਾਅਦ ਵਿੱਚ ਆਪ ਜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਸੰਪਰਕ ਵਿੱਚ ਆਏ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿੱਚ ਬਾਬਾ ਮਿਲਖਾ ਸਿੰਘ ਜੀ ਵੱਲੋਂ ਦੂਰੋਂ-ਨੇੜਿਓਂ ਪਹੁੰਚੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਲੜ ਲੱਗਣ ਅਤੇ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਬਹੁਤ ਹੀ ਸ਼ਰਧਾ ਨਾਲ ਛਕਿਆ।