- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਤੇਜ ਸਿੰਘ ਗਿੱਲ ਦਾ ਪ੍ਰਕਿਰਤੀ ਕਲੱਬ ਵੱਲੋਂ ਵਿਸ਼ੇਸ਼ ਸਨਮਾਨ

- ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ, ਲਾਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਅਤੇ ਗ਼ਰੀਬ ਪਰਿਵਾਰਾਂ ਦੀ ਸਹਾਇਤਾ ਵਰਗੀਆਂ ਸੇਵਾਵਾਂ ਲਈ ਮਿਲਿਆ ਸਨਮਾਨ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਸਮਾਜ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਬਣੇ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਅਤੇ ਸੇਵਾਮੁਕਤ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੂੰ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਲੋਕ-ਭਲਾਈ ਸੇਵਾਵਾਂ ਦੇ ਸਨਮਾਨ ਵਜੋਂ ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਮਾਜ ਪ੍ਰਤੀ ਸਮਰਪਿਤ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਸਲਾਮ ਕਰਨ ਅਤੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ। ਇਸ ਮੌਕੇ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਗੁਰਤੇਜ ਸਿੰਘ ਗਿੱਲ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ ਅਤੇ ਮਨੁੱਖਤਾ ਦੇ ਉੱਚੇ ਮੁੱਲਾਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਦੀ ਨਿਸ਼ਕਾਮ ਸੇਵਾ ਨੇ ਸਮਾਜ ਵਿੱਚ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਗਿੱਲ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ ਅਤੇ ਬਿਨਾਂ ਕਿਸੇ ਲਾਲਚ ਦੇ ਲੋਕ ਭਲਾਈ ਦੇ ਕਾਰਜਾਂ ਵਿੱਚ ਅਗਵਾਈ ਨਿਭਾ ਰਹੇ ਹਨ।
ਉਨ੍ਹਾਂ ਵੱਲੋਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣਾ, ਲਾਵਾਰਸ ਲਾਸ਼ਾਂ ਦਾ ਸਤਿਕਾਰ ਸਹਿਤ ਅੰਤਿਮ ਸੰਸਕਾਰ ਕਰਨਾ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਮਦਦ ਪ੍ਰਦਾਨ ਕਰਨਾ ਵਰਗੀਆਂ ਮਨੁੱਖਤਾ ਭਰੀਆਂ ਸੇਵਾਵਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਹ ਪ੍ਰਕਿਰਤੀ ਪਾਰਕ ਵਿੱਚ ਨਿਯਮਿਤ ਤੌਰ ’ਤੇ ਯੋਗਾ ਕਲਾਸਾਂ ਲਗਾ ਕੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਪ੍ਰਕਿਰਤੀ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਗੁਰਤੇਜ ਸਿੰਘ ਗਿੱਲ ਵਰਗੀਆਂ ਸ਼ਖ਼ਸੀਅਤਾਂ ਸਮਾਜ ਦੀ ਅਸਲ ਪੂੰਜੀ ਹੁੰਦੀਆਂ ਹਨ, ਜੋ ਆਪਣੇ ਕਰਮਾਂ ਨਾਲ ਮਨੁੱਖਤਾ ਦੀ ਜੋਤ ਜਗਾਈ ਰੱਖਦੀਆਂ ਹਨ। ਉਨ੍ਹਾਂ ਦੀਆਂ ਸੇਵਾਵਾਂ ਨਾ ਸਿਰਫ਼ ਲੋੜਵੰਦਾਂ ਲਈ ਆਸ ਦੀ ਕਿਰਨ ਹਨ, ਸਗੋਂ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾ ਸਰੋਤ ਹਨ। ਸਮਾਗਮ ਦੌਰਾਨ ਜਸਵੰਤ ਸਿੰਘ ਨਾਮਦੇਵ, ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਨਗੋ, ਮਨਜੀਤ ਸਿੰਘ ਸੰਧੂ, ਪ੍ਰਤਾਪ ਸਿੰਘ ਹੀਰਾ, ਪਰਮਜੀਤ ਸਿੰਘ ਪੱਬੀ, ਦਲਜੀਤ ਸਿੰਘ ਗਿੱਲ, ਹਰਜੀਤ ਸਿੰਘ ਸਚਦੇਵਾ, ਗੁਰਚਰਨ ਸਿੰਘ ਢਿੱਲੋਂ, ਮਨਦੀਪ ਸਿੰਘ ਸੱਗੂ, ਬਲਜਿੰਦਰ ਸਿੰਘ ਸੰਧੂ, ਬਾਜ ਸਿੰਘ, ਦਿਨੇਸ਼ ਸ਼ਰਮਾ, ਸਰਬਜੀਤ ਸਿੰਘ ਨਾਮਦੇਵ, ਹਰਜਿੰਦਰ ਸਿੰਘ ਨਾਰੰਗ, ਸਤਨਾਮ ਸਿੰਘ ਬਾਠ, ਜਗਬੀਰ ਸਿੰਘ ਮਰਖਾਈ, ਸੁਰਿੰਦਰ ਸ਼ਰਮਾ ਜੇਈ, ਧਰਮਪਾਲ ਹਾਂਡਾ, ਗੁਰਭੇਜ ਸਿੰਘ ਸਿੱਧੂ ਅਤੇ ਜੁਗਰਾਜ ਸਿੰਘ ਭੂਈ ਆਦਿ ਹਾਜ਼ਰ ਸਨ।