- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
42 ਬੱਸਾਂ ਤੇ 700 ਤੋਂ ਵੱਧ ਗੱਡੀਆਂ ਦਾ ਕਾਫਲਾ ਲੈ ਕੇ ਮੋਗਾ ਰੈਲੀ ’ਚ ਪਹੁੰਚੇ ਗੁਰਪ੍ਰੀਤ ਸਿੰਘ ਸੇਖੋਂ

-ਹਮਾਇਤੀਆਂ ਦੇ ਵੱਡੇ ’ਕੱਠ ਨਾਲ ਸੇਖੋਂ ਪਾਰਟੀ ’ਚ ਸਰਗਰਮ ਭੂਮਿਕਾ ਨੂੰ ਲੈ ਕੇ ਚਰਚਾ ਤੇਜ਼
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿਖੇ ਕਰਵਾਈ ਵਿਸ਼ਾਲ ਰੈਲੀ ਦੌਰਾਨ ਹਲਕਾ ਜ਼ੀਰਾ ਤੋਂ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਨੇ ਆਪਣੇ ਹਮਾਇਤੀਆਂ ਦੇ ਵਿਸ਼ਾਲ ਕਾਫਲੇ ਨਾਲ ਸ਼ਮੂਲੀਅਤ ਕਰਕੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸੇਖੋਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਉਹ 42 ਬੱਸਾਂ ਅਤੇ 700 ਤੋਂ ਵੱਧ ਹੋਰ ਗੱਡੀਆਂ ਦੇ ਕਾਫਲੇ ਨਾਲ ਮੋਗਾ ਰੈਲੀ ਵਿੱਚ ਪਹੁੰਚੇ। ਹਮਾਇਤੀਆਂ ਦੀ ਇੰਨੀ ਵੱਡੀ ਸ਼ਮੂਲੀਅਤ ਨੂੰ ਹਲਕਾ ਜ਼ੀਰਾ ਵਿੱਚ ਉਨ੍ਹਾਂ ਦੀ ਸਿਆਸੀ ਸਰਗਰਮੀ ਅਤੇ ਜਥੇਬੰਦਕ ਤਾਕਤ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਮੋਗਾ ਰੈਲੀ ’ਚ ਸੇਖੋਂ ਦੀ ਅਗਵਾਈ ਹੇਠ ਪਹੁੰਚੇ ਕਾਫਲੇ ਨੇ ਇਹ ਸੰਕੇਤ ਦਿੱਤਾ ਕਿ ਉਹ ਆਪਣੇ ਹਮਾਇਤੀਆਂ ਨੂੰ ਇਕੱਠਾ ਕਰਕੇ ਪਾਰਟੀ ਦੀਆਂ ਸਰਗਰਮੀਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਹਨ। ਮੁਦਕੀ ਤੋਂ ਲੈ ਕੇ ਫਿਰੋਜ਼ਸ਼ਾਹ, ਤਲਵੰਡੀ ਭਾਈ, ਘੱਲ ਖੁਰਦ ਅਤੇ ਜ਼ੀਰਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਨ੍ਹਾਂ ਦੀਆਂ ਜਨਤਕ ਸਰਗਰਮੀਆਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।
ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਸਮੇਂ ਤੋਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ, ਜਨਤਕ ਮੀਟਿੰਗਾਂ ਕਰਨ ਤੇ ਸਮਾਜਿਕ ਕੰਮਾਂ ਵਿੱਚ ਸ਼ਮੂਲੀਅਤ ਰਾਹੀਂ ਆਪਣੀ ਸਿਆਸੀ ਪਹੁੰਚ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਉਹ ਆਪਣੇ ਸੰਬੋਧਨਾਂ ਦੌਰਾਨ ਇਲਾਕੇ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ, ਨੌਜਵਾਨਾਂ ਦੀ ਭੂਮਿਕਾ ਅਤੇ ਪੰਜਾਬ ਦੀ ਸਿਆਸਤ ਵਿੱਚ ਤਬਦੀਲੀ ਵਰਗੇ ਮੁੱਦਿਆਂ ਨੂੰ ਉਭਾਰਦੇ ਰਹੇ ਹਨ।ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਸ ਸਮੇਂ ਵੀ ਉਨ੍ਹਾਂ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਨੇ ਸਿਆਸੀ ਚਰਚਾ ਨੂੰ ਜਨਮ ਦਿੱਤਾ ਸੀ। ਹੁਣ ਮੋਗਾ ਰੈਲੀ ’ਚ ਵਿਸ਼ਾਲ ਕਾਫਲੇ ਨਾਲ ਪੁੱਜ ਕੇ ਉਨ੍ਹਾਂ ਨੇ ਪਾਰਟੀ ਦੀਆਂ ਸਰਗਰਮੀਆਂ ’ਚ ਆਪਣੀ ਸਰਗਰਮ ਮੌਜੂਦਗੀ ਮੁੜ ਦਰਜ ਕਰਵਾਈ ਹੈ। ਸਿਆਸੀ ਮਾਹੌਲ ’ਚ ਇਸ ਸ਼ਮੂਲੀਅਤ ਨੂੰ ਹਲਕਾ ਜ਼ੀਰਾ ਅੰਦਰ ਸੇਖੋਂ ਦੀ ਵਧ ਰਹੀ ਸਰਗਰਮੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਵਿੱਖ ’ਚ ਉਹ ਲੋਕਾਂ ਨਾਲ ਆਪਣੇ ਸੰਪਰਕ ਤੇ ਜ਼ਮੀਨੀ ਸਰਗਰਮੀਆਂ ਰਾਹੀਂ ਹਲਕੇ ਦੀ ਸਿਆਸਤ ’ਚ ਕਿਹੋ ਜਿਹੀ ਭੂਮਿਕਾ ਨਿਭਾਉਂਦੇ ਹਨ, ਇਸ ’ਤੇ ਸਿਆਸੀ ਹਲਕਿਆਂ ਦੀ ਨਜ਼ਰ ਰਹੇਗੀ।