ਗੁਰਪ੍ਰੀਤ ਸੇਖੋਂ ਦੀ ਸਿਆਸਤ ’ਚ ਐਂਟਰੀ ਤੋਂ ਭਖੇ ‘ਆਪ’ਣੇ ਅਤੇ ਬੇਗਾਨੇ..! ਗੁਰਪ੍ਰੀਤ ਸੇਖੋਂ ਦੀ ਸਿਆਸਤ ’ਚ ਐਂਟਰੀ ਤੋਂ ਭਖੇ ‘ਆਪ’ਣੇ ਅਤੇ ਬੇਗਾਨੇ !
Publish Date: Tue, 08 Sep 2026 07:45 PM (IST)
Updated Date: Tue, 08 Sep 2026 07:46 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਾਬਕਾ ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੁੰਦਿਆਂ ਹੀ ਪੰਜਾਬ ਦੀਆਂ ਸਿਆਸੀ ਸਫ਼ਾਂ ਵਿੱਚ ਜਿਵੇਂ ਭੂਚਾਲ ਜਿਹਾ ਆ ਗਿਆ ਹੋਵੇ । ਇਸ ਸਬੰਧੀ ਜਿਥੇ ਪਾਰਟੀ ਦੇ ਅੰਦਰ ਕੁੱਝ ਨੇਤਾਵਾਂ ਵੱਲੋਂ ਬੀਤੇ ਕੁੱਝ ਮਹੀਨਿਆਂ ਤੋਂ ਬੇਬਸੀ ਭਰੀ ਨਾਰਾਜਗੀ ਜਾਹਰ ਕੀਤੀ ਜਾਂਦੀ ਰਹੀ ਹੈ ,ਉਥੇ ਹੁਣ ‘ਆਪ’ ਦੀਆਂ ਵਿਰੋਧੀ ਸਿਆਸੀ ਧਿਰਾਂ ਵੱਲੋਂ ਖੁੱਲ੍ਹ ਕੇ ਚਾਂਦੀਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ (ਕਾਂਗਰਸ, ਸ਼ਿਰੋਮਣੀ ਅਕਾਲੀ ਦਲ ਅਤੇ ਭਾਜਪਾ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਤੇ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਦੂਜੇ ਪਾਸੇ ਇਸ ਤਿੱਖੇ ਵਿਰੋਧ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੇਖੋਂ ਦਾ ਬਚਾਅ ਕਰਦਿਆਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਸਿਰਫ਼ ਉਸ ਦੇ ਬੀਤੇ ਸਮੇਂ ਤੋਂ ਨਹੀਂ ਪਰਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਈ ਵਾਰ ਹਾਲਾਤ ਬੰਦੇ ਨੂੰ ਗਲਤ ਰਸਤੇ ਤੇ ਲੈ ਜਾਂਦੇ ਹਨ, ਪਰ ਜੇ ਕੋਈ ਸੁਧਰ ਕੇ ਸਮਾਜ ਸੇਵਾ ਅਤੇ ਲੋਕਾਂ ਦੀ ਭਲਾਈ ਲਈ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ ਹੈ, ਤਾਂ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬੀਤੀ 6 ਸਤੰਬਰ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਗੁਰਪ੍ਰੀਤ ਸਿੰਘ ਸੇਖੋਂ ਵੱਲੋਂ ਕਰਵਾਈ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ ’ਤੇ ਪਹੁੰਚੇ ਅਤੇ ਸੇਖੋਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਮੁੱਖ ਮੰਤਰੀ ਵੱਲੋਂ ਸੇਖੋਂ ਨੂੰ ਪਾਰਟੀ ਵਿੱਚ ਸਾਮਲ ਕਰਵਾਏ ਜਾਂਦਿਆਂ ਹੀ ਵੱਖ ਵੱਖ ਸਿਆਸੀ ਧਿਰਾਂ ਵੱਲੋਂ ‘ਆਪ’ ’ਤੇ ਗੈਂਗਸਟਰ ਵਾਦ ਨੂੰ ਬੜਾਵਾ ਦੇਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ । ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸੰਮਤੀ ਸੀਟਾਂ ਜਿੱਤਿਆ ਸੀ ਸੇਖੋਂ ਧੜਾ ਜ]fਕਰਯੋਗ ਹੈ ਕਿ ਸਾਲ 2016 ਵਿੱਚ ‘ਨਾਭਾ ਜੇਲ੍ਹ ਬ੍ਰੇਕ ਕਾਂਡ’ ਦੇ ਮਾਸਟਰ ਮਾਈਂਡ ਵਜੋਂ ਸੁਰਖੀਆਂ ਵਿੱਚ ’ਚ ਆਏ ਗੈਂਗਸਟਰ ਗੁਰਪ੍ਰੀਤ ਸਿੰਘ ‘ਸੇਖੋਂ ਮੁੱਦਕੀ’ ਜਦੋਂ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਵਾਇਆ ਸਮਾਜ ਸੇਵਾ ਸਿਆਸਤ ਵਿੱਚ ਆਏ ਤਾਂ ਵੱਖ ਵੱਖ ਸਿਆਸੀ ਧਿਰਾਂ ਵਿੱਚ ਜਾਣ ਦੀ ਚਰਚਾ ਸ਼ੁਰੂ ਹੋ ਗਈ ਸੀ। ਉਨ੍ਹੀਂ ਦਿਨੀਂ ਬਤੌਰ ਅਜਾਦ ਸਿਆਸਤਦਾਨ ਸੇਖੋਂ ਵੱਲੋਂ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤੀ ਚੋਣਾਂ ਵਿੱਚ ਚੋਣ ਲੜਦਿਆਂ ਫਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਚੰਗੀ ਪੈਠ ਬਣਾਈ ਸੀ। ਇੰਨ੍ਹਾਂ ਚੋਣਾਂ ਵਿੱਚ ਫਿਰੋਜ਼ਪੁਰ ਦਿਹਾਤੀ ਹਲਕੇ ਦੀਆਂ ਚਾਰ ਜ਼ਿਲ੍ਹਾ ਪਰੀਸ਼ਦ ਸੀਟਾਂ ਵਿੱਚੋਂ ਦੋ ’ਤੇ ਸੇਖੋਂ ਦੀਆਂ ਧਰਮ ਪਤਨੀਆਂ ਨੇ ਜਿੱਤ ਹਾਸਲ ਕੀਤੀ ਸੀ ,ਜਦਕਿ ਦੋ ’ਤੇ ਸੇਖੋਂ ਦੀ ਸਪੋਰਟ ਨਾਲ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਵੱਲੋਂ ਜਿੱਤ ਹਾਸਲ ਕੀਤੀ ਸੀ।ਇਸ ਤੋਂ ਇਲਾਵਾ ਬਲਾਕ ਸੰਮਤੀ ਸੀਟਾਂ ’ਤੇ ਵੀ ਸੇਖੋਂ ਧੜੇ ਅਤੇ ਸੇਖੋਂ ਦੀ ਸਪੋਰਟ ਹਾਸਲ ਅਕਾਲੀ ਦਲ ਬਾਦਲ ਉਮੀਦਵਾਰਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ। ਉਸ ਤੋਂ ਬਾਅਦ ਅਚਾਨਕ ਸੇਖੋਂ ਨੂੰ ਆਮ ਆਦਮੀ ਪਾਰਟੀ ਵੱਲੋਂ ‘ਪਾਵਰਾਂ’ ਮਿਲਣੀਆਂ ਸ਼ੁਰੂ ਹੋ ਗਈ। ਹਲਕੇ ਦੀ ਸਿਆਸੀ ਚਰਚਾ ਵਿੱਚ ਤਾਂ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਸੇਖੋਂ ਪਾਰਟੀ ਲਈ ਵਿਧਾਨ ਸਭਾ ਹਲਕਾ ਜ਼ੀਰਾ ਅਤੇ ਫਿਰੋਜ਼ਪੁਰ ਦਿਹਾਤੀ ਸਮੇਤ ਜ਼ਿਲ੍ਹੇ ਵਿੱਚ ਇੱਕ ਤਰ੍ਹਾਂ ਦੇ ‘ਅਣਐਲਾਨੇ ਇੰਚਾਰਜ’ ਵਜੋਂ ਕੰਮ ਕਰ ਰਹੇ ਸਨ। ਵਾਇਰਲ ਆਡੀਓ ’ਚ ਇਕ ਵੱਡਾ ਆਗੂ ਸੇਖੋਂ ਦੇ ਵਧਦੇ ਕੱਦ ਤੋਂ ਪ੍ਰਗਟਾ ਚੁੱਕਾ ਬੇਬਸੀ ਬੀਤੀਆਂ ਨਗਰ ਕੋਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਹਲਕਾ ਮੁੱਦਕੀ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਗੁਰਪ੍ਰੀਤ ਸੇਖੋਂ ਧੜੇ ’ਤੇ ਕੁੱਟਮਾਰ ਕੀਤੇ ਜਾਣ ਅਤੇ ਚੋਣਾਂ ਨਾ ਲੜਣ ਦੇਣ ਦੇ ਦੋਸ਼ਾਂ ਮਗਰੋਂ ਵਿਦੇਸ਼ਾਂ ਆਈ ਇਕ ਆਡੀੳ ਕਾਲ ਬੜੀ ਤੇਜੀ ਨਾਲ ਵਾਇਰਲ ਹੋਈ ਸੀ।ਉਸ ਕਾਲ ਵਿੱਚ ਹਲਕਾ ਦਿਹਾਤੀ ਦਾ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਵਿਦੇਸ਼ੀ ਸਮੱਰਥਕ ਨੂੰ ਸਮਝਾ ਰਿਹਾ ਸੀ ਕਿ ਪਾਰਟੀ ਵੱਲੋਂ ਹੁੱਕਮ ਹਨ ਕਿ ਗੁਰਪ੍ਰੀਤ ਸੇਖੋਂ ਜੋ ਕਰਦਾ ਹੈ ਕਰਨ ਦਿੱਤਾ ਜਾਵੇ। ਉਸ ਵੇਲੇ ਹੀ ਸਿਆਸੀ ਸਫ਼ਾਂ ਵਿੱਚ ਸੇਖੋਂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ।