ਜੀਜੀਐੱਸਆਈ ਸਕੂਲ ਦੇ ਗੁਰਮਨਪ੍ਰੀਤ ਸਿੰਘ ਨੇ ਐਥਲੈਟਿਕਸ ’ਚ ਜਿੱਤਿਆ ਗੋਲਡ ਤਗਮਾ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਗੁਰਮਨਪ੍ਰੀਤ ਸਿੰਘ ਨੇ ਰਾਸ਼ਟਰੀ ਐਥਲੈਟਿਕਸ ਵਿਚ ਜਿੱਤਿਆ ਸੋਨ ਤਗਮਾ
Publish Date: Tue, 01 Sep 2026 05:45 PM (IST)
Updated Date: Tue, 01 Sep 2026 05:46 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ, ਦੀਪ ਸਿੰਘ ਵਾਲਾ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਮਨਪ੍ਰੀਤ ਸਿੰਘ ਨੇ ਰਾਸ਼ਟਰੀ ਪੱਧਰ ਦੀਆਂ ਐਥਲੈਟਿਕਸ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੈਵਲਿਨ ਥਰੋ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਵਿਦਿਆਰਥੀ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਸਾਲ 2026 ਦੇ ਖੇਡ ਕੈਲੰਡਰ ਤਹਿਤ ਐਥਲੈਟਿਕਸ ਮੁਕਾਬਲੇ ਕਰਨਾਟਕ ਦੇ ਚਿਕਬੱਲਪੁਰ ਸਥਿਤ ਸ੍ਰੀ ਕੇ.ਵੀ. ਇੰਗਲਿਸ਼ ਸਕੂਲ ਵੱਲੋਂ ਮਹਾਤਮਾ ਗਾਂਧੀ ਸਟੇਡੀਅਮ, ਤੁਮਕੁਰ ਵਿਖੇ ਕਰਵਾਏ ਗਏ। ਇਨ੍ਹਾਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ।ਗੁਰਮਨਪ੍ਰੀਤ ਸਿੰਘ ਨੇ ਜੈਵਲਿਨ ਥਰੋ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਗਮਾ ਆਪਣੇ ਨਾਮ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਗੁਰਮਨਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਮਨਪ੍ਰੀਤ ਨੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ ਅਤੇ ਉਸ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ।ਵਿਦਿਆਰਥੀ ਦੀ ਇਸ ਸਫਲਤਾ ਪਿੱਛੇ ਸਰੀਰਕ ਸਿੱਖਿਆ ਅਧਿਆਪਕ ਗੁਰਜੀਤ ਸਿੰਘ, ਗੁਰਮਨ ਸਿੰਘ ਅਤੇ ਅਮਨਦੀਪ ਕੌਰ ਦੀ ਸਖ਼ਤ ਮਿਹਨਤ ਅਤੇ ਮਾਰਗਦਰਸ਼ਨ ਦਾ ਵੀ ਅਹਿਮ ਯੋਗਦਾਨ ਰਿਹਾ। ਅਧਿਆਪਕਾਂ ਵੱਲੋਂ ਗੁਰਮਨਪ੍ਰੀਤ ਨੂੰ ਨਿਯਮਤ ਅਭਿਆਸ ਕਰਵਾਉਂਦਿਆਂ ਮੁਕਾਬਲੇ ਲਈ ਤਿਆਰ ਕੀਤਾ ਗਿਆ।ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਉਪ-ਚੇਅਰਮੈਨ ਬਲਦੇਵ ਸਿੰਘ ਸ਼ੇਖੋ ਅਤੇ ਪ੍ਰਬੰਧਕ ਕਮੇਟੀ ਮੈਂਬਰ ਗੁਰਜੀਤ ਸਿੰਘ ਮਨਾਵਾਂ ਨੇ ਵੀ ਵਿਦਿਆਰਥੀ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਵੱਲੋਂ ਵੱਖ-ਵੱਖ ਖੇਡ ਗਤੀਵਿਧੀਆਂ ਦਾ ਪ੍ਰਬੰਧ ਕਰਕੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣਗੇ।