ਜੀਆਰਪੀ ਫਿਰੋਜ਼ਪੁਰ ਪੁਲਿਸ ਨੇ ਰੇਲ ਗੱਡੀਆਂ ’ਚੋਂ ਮੋਬਾਇਲ ਚੋਰੀ ਕਰਨ ਵਾਲ ਚੋਰ ਕੀਤਾ ਕਾਬੂ
ਜੀਆਰਪੀ ਫਿਰੋਜ਼ਪੁਰ ਪੁਲਿਸ ਨੇ ਰੇਲ ਗੱਡੀਆਂ ’ਚੋਂ ਮੋਬਾਇਲ ਚੋਰੀ ਕਰਨ ਵਾਲ ਚੋਰ ਕੀਤਾ ਕਾਬੂ
Publish Date: Wed, 25 Mar 2026 04:50 PM (IST)
Updated Date: Wed, 25 Mar 2026 04:53 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਪੈਸ਼ਲ ਡੀਜੀਪੀ ਰੇਲਵੇ ਪਟਿਆਲਾ ਵੱਲੋਂ ਅਪਰਾਧਿਕ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਫਿਰੋਜ਼ਪੁਰ ਰੇਲਵੇ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਉਨ੍ਹਾਂ ਨੇ ਰੇਲ ਗੱਡੀਆਂ ਵਿਚ ਮੁਸਾਫਰਾਂ ਦੇ ਮੋਬਾਇਲ ਫ਼ੋਨ ਚੋਰੀ ਕਰਨ ਵਾਲੇ ਇਕ ਚੋਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਹ ਕਾਰਵਾਈ ਡੀਐੱਸਪੀ ਜੀਆਰਪੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਥਾਣਾ ਜੀਆਰਪੀ ਫਿਰੋਜ਼ਪੁਰ ਦੀ ਟੀਮ ਵੱਲੋਂ ਅਮਲ ਵਿਚ ਲਿਆਂਦੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਏਐੱਸਆਈ. ਜਤਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਮੌਜ਼ੂਦ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਵਨਪ੍ਰੀਤ ਉਰਫ ਪਾਵਨ ਪੁੱਤਰ ਗਰਮੇਲ ਸਿੰਘ ਵਾਸੀ ਖੋਸਾ ਪਾਂਡੋ ਜ਼ਿਲ੍ਹਾ ਮੋਗਾ ਜੋ ਕਿ ਰੇਲ ਗੱਡੀਆਂ ਵਿੱਚੋਂ ਮੋਬਾਇਲ ਚੋਰੀ ਕਰਨ ਦਾ ਆਦੀ ਹੈ, ਇਸ ਵੇਲੇ ਚੋਰੀ ਦੇ ਫ਼ੋਨ ਵੇਚਣ ਦੀ ਫਿਰਾਕ ਵਿਚ ਪਲੇਟਫਾਰਮ ਨੰਬਰ 2 ’ਤੇ ਗਾਹਕ ਦੀ ਉਡੀਕ ਕਰ ਰਿਹਾ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਪਲੇਟਫਾਰਮ ’ਤੇ ਛਾਪੇਮਾਰੀ ਕੀਤੀ ਅਤੇ ਮੁਲਜ਼ਮ ਪਵਨਪ੍ਰੀਤ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 3 ਮੋਬਾਈਲ ਫ਼ੋਨ ਬਰਾਮਦ ਹੋਏ, ਜਿਨ੍ਹਾਂ ਵਿਚ ਦੋ ਓਪੋ ਅਤੇ ਇਕ ਰੀਅਲਮੀ ਕੰਪਨੀ ਦਾ ਫ਼ੋਨ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮ ਖ਼ਲਾਫ਼ ਮੁਕੱਦਮਾ ਨੰਬਰ 06 ਮਿਤੀ 22 ਮਾਰਚ 2026, ਅਧੀਨ ਧਾਰਾ 303(2), 317(2) ਬੀਐੱਨਐੱਸ ਤਹਿਤ ਥਾਣਾ ਜੀਆਰਪੀ ਫਿਰੋਜ਼ਪੁਰ ਵਿਖੇ ਕੇਸ ਦਰਜ ਕਰ ਲਿਆ ਹੈ। ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜਿਆ ਗਿਆ ਮੁਲਜ਼ਮ ਕੋਈ ਸਾਧਾਰਨ ਚੋਰ ਨਹੀਂ ਹੈ, ਸਗੋਂ ਉਸ ’ਤੇ ਪਹਿਲਾਂ ਵੀ ਮੋਗਾ, ਫਰੀਦਕੋਟ ਅਤੇ ਅੰਮ੍ਰਿਤਸਰ ਵਰਗੇ ਵੱਖ-ਵੱਖ ਜ਼ਿਲ੍ਹਿਆਂ ਵਿਚ ਚੋਰੀ ਦੇ ਕਈ ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਉਹ ਇਹ ਚੋਰੀ ਕੀਤੇ ਫ਼ੋਨ ਕਿੰਨਾਂ ਲੋਕਾਂ ਨੂੰ ਵੇਚਦਾ ਸੀ। ਪੁਲਿਸ ਨੇ ਦੱਸਿਆ ਕਿ ਇਸ ਵਿਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।