- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਆਰਪੀ ਫਿਰੋਜ਼ਪੁਰ ਵੱਲੋਂ ਰੇਲਵੇ ਸਟੇਸ਼ਨ ’ਤੇ ਚਲਾਇਆ ਗਿਆ ਵਿਸ਼ੇਸ਼ ਸਰਚ ਅਪ੍ਰੇਸ਼ਨ, ਮੁਸਾਫ਼ਰਾਂ ਦੀ ਸੁਰੱਖਿਆ ਲਈ ਲਿਆ ਜਾਇਜ਼ਾ

ਪੰਜਾਬੀ ਜਾਗਰਣ ਸਟਾਫ ਰਿਪੋਰਟਰ, ਫਿਰੋਜ਼ਪੁਰ : ਸੀਨੀਅਰ ਅਧਿਕਾਰੀਆਂ ਅਤੇ ਜੀਆਰਪੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੇਲਵੇ ਯਾਤਰੀਆਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਜੀਆਰਪੀ ਥਾਣਾ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ‘ਪਬਲਿਕ ਅਵੇਅਰਨੈੱਸ’ ਅਤੇ ‘ਸਰਚ ਅਪ੍ਰੇਸ਼ਨ’ ਚਲਾਇਆ ਗਿਆ। ਇਸ ਚੈਕਿੰਗ ਅਭਿਆਨ ਦਾ ਮੁੱਖ ਮਕਸਦ ਸਮੇਂ-ਸਮੇਂ ’ਤੇ ਮਿਲਣ ਵਾਲੀਆਂ ਸੁਰੱਖਿਆ ਇਨਪੁਟਸ ਦੇ ਮੱਦੇਨਜ਼ਰ ਸਟੇਸ਼ਨ ਅਤੇ ਟਰੇਨਾਂ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਇਸ ਸਰਚ ਅਪ੍ਰੇਸ਼ਨ ਦੌਰਾਨ ਜੀਆਰਪੀ ਦੀਆਂ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਪੁਲਿਸ ਜਵਾਨਾਂ ਨੇ ਸਾਰੇ ਪਲੇਟਫਾਰਮਾਂ, ਵੇਟਿੰਗ ਏਰੀਆ, ਮੋਟਰਸਾਈਕਲ ਤੇ ਗੱਡੀਆਂ ਦੀ ਪਾਰਕਿੰਗ, ਰੇਲਵੇ ਟਰੈਕਾਂ ਅਤੇ ਸਟੇਸ਼ਨ ’ਤੇ ਖੜ੍ਹੀਆਂ ਟਰੇਨਾਂ ਦੇ ਡੱਬਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਤੋਂ ਇਲਾਵਾ ਸਟੇਸ਼ਨ ’ਤੇ ਮੌਜ਼ੂਦ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਵੀ ਮੁਕੰਮਲ ਜਾਂਚ ਕੀਤੀ ਗਈ। ਰਾਹਤ ਦੀ ਗੱਲ ਇਹ ਰਹੀ ਕਿ ਪੂਰੀ ਚੈਕਿੰਗ ਪ੍ਰਕਿਰਿਆ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਮਾਰੂ/ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਸਰਚ ਅਪ੍ਰੇਸ਼ਨ ਦੇ ਨਾਲ-ਨਾਲ ਪੁਲਿਸ ਵੱਲੋਂ ‘ਪਬਲਿਕ ਅਵੇਅਰਨੈੱਸ’ ਮੁਹਿੰਮ ਵੀ ਚਲਾਈ ਗਈ। ਸਫ਼ਰ ਕਰ ਰਹੇ ਯਾਤਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸੁਰੱਖਿਆ ਪ੍ਰਤੀ ਸੁਚੇਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਪਰਿਸਰ ਜਾਂ ਟਰੇਨ ਦੇ ਅੰਦਰ ਕੋਈ ਵੀ ਲਾਵਾਰਿਸ ਵਸਤੂ, ਬੈਗ, ਜਾਂ ਕੋਈ ਸ਼ੱਕੀ ਗਤੀਵਿਧੀ ਕਰਨ ਵਾਲਾ ਵਿਅਕਤੀ ਦਿਖਾਈ ਦੇਵੇ, ਤਾਂ ਉਸ ਨੂੰ ਖ਼ੁਦ ਛੂਹਣ ਦੀ ਗ਼ਲਤੀ ਨਾ ਕਰਨ। ਇਸ ਦੀ ਤੁਰੰਤ ਜਾਣਕਾਰੀ ਨੇੜਲੇ ਜੀਆਰਪੀ ਪੁਲਿਸ, ਚੌਂਕੀ ਜਾਂ ਆਰਪੀਐੱਫ ਦੇ ਜਵਾਨਾਂ ਨੂੰ ਦਿੱਤੀ ਜਾਵੇ। ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਯਾਤਰੀਆਂ ਦੀ ਸੁਚੱਜੀ ਅਤੇ ਸੁਰੱਖਿਅਤ ਯਾਤਰਾ ਲਈ ਜੀਆਰਪੀ ਹਰ ਸਮੇਂ ਤੱਤਪਰ ਹੈ ਅਤੇ ਅਜਿਹੇ ਚੈਕਿੰਗ ਅਭਿਆਨ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੇ।